Friday, May 31, 2019

ਮਨੁੱਖੀ ਸਰੀਰ ਦਾ ਨਵੀਨੀਕਰਣ – ਆਧੁਨਿਕ ਚਿਕਿਤਸਾ ਵਿਗਿਆਨ ਅਤੇ ਨੇਚਰੋਪੈਥੀ (Renewal of Human Body – Modern Medical Science and Naturopathy)

ਸਾਲ 2016 ਵਿੱਚ ਚਿਕਿਤਸਾ ਦੇ ਖੇਤਰ (ਮੈਡੀਸਿਨ) ਵਿੱਚ ਜਾਪਾਨ ਦੇ ਵਿਗਿਆਨੀ ਯੋਸ਼ਿਨੋਰੀ ਓਸੂਮੀ  (Yoshinori Ohsumi) ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆਇਹ ਪੁਰਸਕਾਰ ਉਨ੍ਹਾਂ ਨੂੰ ਮਨੁੱਖੀ ਸਰੀਰ ਵਿੱਚ ਆਟੋਫੈਜੀ’ (Autophagy in Human Body) ਦੇ ਖੇਤਰ ਵਿੱਚ ਨਵੀਂ ਖੋਜ ਦੇ ਲਈ ਦਿੱਤਾ ਗਿਆ। ਸ਼ਬਦ ਆਟੋਫੈਜੀ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਆਟੋ ਅਤੇ ਫੈਜੀ ਨੂੰ ਮਿਲਾ ਕੇ ਬਣਿਆ ਹੈ। ਆਟੋ ਭਾਵ ਆਪਣੇ ਆਪ ਨੂੰ ਅਤੇ ਫੈਜੀ ਭਾਵ ਖਾ ਜਾਣਾ ਅਰਥਾਤ ਆਪਣੇ ਆਪ ਨੂੰ ਖਾ ਜਾਣਾ। ਆਟੋਫੈਜੀ ਸਰੀਰ ਵਿੱਚ ਹੋਣ ਵਾਲੀ ਰੀਸਾਇਕਲਿੰਗ (Recycling ਭਾਵ ਮੁੜ ਵਰਤਣ ਯੋਗ ਬਣਾਉਣਾ) ਦੀ ਪ੍ਰਕਿਰਿਆ ਨੂੰ ਕਹਿੰਦੇ ਹਨ। ਇਸ ਪ੍ਰਕਿਰਿਆ ਦੇ ਕਾਰਣ ਹੀ ਪੁਰਾਣੇ ਸੈੱਲ (Cell) ਨਸ਼ਟ ਹੁੰਦੇ ਹਨ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ। ਆਟੋਫੈਜੀ ਇੱਕ ਕੁਦਰਤੀ ਰੱਖਿਆ ਪ੍ਰਣਾਲੀ ਹੈ ਜਿਹੜੀ ਸਰੀਰ ਨੂੰ ਜਿਉਂਦਾ ਰੱਖਣ ਵਿੱਚ ਮਦਦ ਕਰਦੀ ਹੈਇਹ ਸਰੀਰ ਨੂੰ, ਬਿਨਾਂ ਭੋਜਨ ਦੇ, ਨਾ ਕੇਵਲ ਕਿਰਿਆਸ਼ੀਲ ਰਹਿਣ ਵਿੱਚ ਮਦਦ ਕਰਦੀ ਹੈ, ਬਲਕਿ ਵੱਖ ਵੱਖ ਤਰ੍ਹਾਂ ਦੇ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਵਿੱਚ ਮਦਦ ਵੀ ਕਰਦੀ ਹੈ। ਆਟੋਫੈਜੀ ਦੇ ਨਾਕਾਮ ਹੋਣ ਦੇ ਕਾਰਣ ਹੀ ਬੁਢਾਪਾ ਅਤੇ ਪਾਗਲਪਣ ਵਰਗੀਆਂ ਬਿਮਾਰੀਆਂ ਵਧਦੀਆਂ ਹਨ। ਇਸ ਖੋਜ ਨਾਲ ਭਵਿੱਖ ਵਿੱਚ ਕੈਂਸਰ, ਸ਼ੱਕਰ ਰੋਗ ਅਤੇ ਪਾਰਕਿਨਸਨ ਵਰਗੀਆਂ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਮਦਦ ਮਿਲੇਗੀ।

ਅਸੀਂ ਜਾਣਦੇ ਹਾਂ ਕਿ ਸਾਡੇ ਸਰੀਰ ਨੂੰ ਕਿਰਿਆਸ਼ੀਲ ਰਹਿਣ ਲਈ ਗੁਲੂਕੋਜ਼ (Glucose) ਦੀ ਲੋੜ ਹੁੰਦੀ ਹੈ ਜਦੋਂ ਭੋਜਨ ਹਜਮ ਹੁੰਦਾ ਹੈ ਤਾਂ ਉਹ ਗੁਲੂਕੋਜ਼ ਵਿੱਚ ਤਬਦੀਲ ਹੋ ਕੇ ਖੂਨ ਵਿੱਚ ਆਉਂਦਾ ਹੈ। ਜਦੋਂ ਖੂਨ ਵਿੱਚ ਗੁਲੂਕੋਜ਼ ਖਤਮ ਹੋ ਜਾਂਦਾ ਹੈ ਤਾਂ ਇਸਦੀ ਪੂਰਤੀ ਜਿਗਰ (Liver) ਅਤੇ ਮਾਸਪੇਸ਼ੀਆਂ (Muscles) ਵਿੱਚ ਜਮ੍ਹਾ ਗਲਾਇਕੋਜੀਨ (Glycogen) ਤੋਂ ਹੁੰਦੀ ਹੈ। ਜਦੋਂ ਗਲਾਇਕੋਜੀਨ ਵੀ ਖਤਮ ਹੋ ਜਾਂਦਾ ਹੈ ਤਾਂ ਸਰੀਰ ਵਿੱਚ ਜਮ੍ਹਾ ਚਰਬੀ (Fat) ਪਿਘਲਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਕਿਰਿਆਸ਼ੀਲਤਾ ਨੂੰ ਜਾਰੀ ਰੱਖਦੀ ਹੈ ਅਤੇ ਇਸ ਤੋਂ ਬਾਅਦ ਪ੍ਰੋਟੀਨ (Protein) ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈਸਾਡਾ ਸਰੀਰ ਬਹੁਤ ਸਾਰੇ ਛੋਟੇ-ਛੋਟੇ ਸੈੱਲਾਂ ਨਾਲ ਮਿਲ ਕੇ ਬਣਿਆ ਹੋਇਆ ਹੈ। ਸੈੱਲਾਂ ਦੇ ਅੰਦਰ ਵੀ ਬਹੁਤ ਸਾਰੇ ਭਾਗ ਹੁੰਦੇ ਹਨ ਜਿਨ੍ਹਾਂ ਨੂੰ ਸੈੱਲ-ਔਰਗੇਨੈੱਲ (Cell Organelle) ਕਿਹਾ ਜਾਂਦਾ ਹੈ। ਹਰੇਕ ਸੈੱਲ-ਔਰਗੇਨੈੱਲ ਦਾ ਆਪਣਾ ਇੱਕ ਵੱਖਰਾ ਕਾਰਜ ਹੁੰਦਾ ਹੈ। ਜਿਵੇਂ ਕਿ ਰਾਇਬੋਜੋਮਜ਼(Ribosomes) ਪ੍ਰੋਟੀਨ ਬਣਾਉਂਦੇ ਹਨ।ਗੋਲਜੀ ਬਾਡੀਜ਼(Golgi Bodies) ਪ੍ਰੋਟੀਨ ਅਤੇ ਵਸਾ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈਕੇ ਜਾਂਦੇ ਹਨਇਸੇ ਤਰ੍ਹਾਂ ਇੱਕ ਬਹੁਤ ਹੀ ਮਹੱਤਵਪੂਰਣ ਔਰਗੇਨੈੱਲ ਹੈ ਲਾਇਜ਼ੋਜੋਮਜ਼(Lysosome) ਜਿਨ੍ਹਾਂ ਦਾ ਕੰਮ ਖਰਾਬ ਜਾਂ ਆਪਣੀ ਉਮਰ ਪੂਰੀ ਕਰ ਚੁਕੇ ਸੈੱਲ-ਔਰਗੇਨੈੱਲ ਨੂੰ ਖਾਣਾ ਹੁੰਦਾ ਹੈਇਸ ਤੋਂ ਇਲਾਵਾ ਇਨ੍ਹਾਂ ਦਾ ਕੰਮ ਸੈੱਲ ਅੰਦਰ ਜਮ੍ਹਾ ਫਾਲਤੂ ਤੱਤ ਜਿਹੜੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਨੂੰ ਖਾ ਕੇ ਹਜਮ ਕਰਨਾ ਹੁੰਦਾ ਹੈ ਜਿਸਦੇ ਨਤੀਜੇ ਵਜੋਂ ਨਵੇਂ ਸੈੱਲ-ਔਰਗੇਨੈੱਲ ਦਾ ਨਿਰਮਾਣ ਹੁੰਦਾ ਹੈ

ਯੋਸ਼ਿਨੋਰੀ ਓਸੂਮੀ ਨੇ ਆਪਣੇ ਇਸ ਸਿਧਾਂਤ ਵਿੱਚ ਦੱਸਿਆ ਹੈ ਕਿ ਆਟੋਫੈਜੀ ਨੂੰ ਆਪਣੇ ਸਰੀਰ ਵਿੱਚ ਸ਼ੁਰੂ ਕਰਨ ਅਤੇ ਇਸਨੂੰ ਸਰਗਰਮ ਰੱਖਣ ਲਈ ਸਾਨੂੰ ਆਪਣੇ ਆਪ ਨੂੰ ਉਪਵਾਸ ਜਾਂ ਫਾਸਟਿੰਗ (Fasting) ਵਾਲੀ ਸਥਿਤੀ ਵਿੱਚ ਲੈ ਕੇ ਆਉਣਾ ਹੈਉਨ੍ਹਾਂ ਨੇ ਦੱਸਿਆ ਕਿ ਫਾਸਟਿੰਗ ਦੀ ਸਥਿਤੀ ਵਿੱਚ ਜਦੋਂ ਅਸੀਂ ਭੋਜਨ ਗ੍ਰਹਿਣ ਕਰਨਾ ਬੰਦ ਕਰ ਦਿੰਦੇ ਹਾਂ ਤਾਂ ਸਾਡਾ ਸਰੀਰ ਤੰਤਰ ਇਸਨੂੰ ਇੱਕ ਐਮਰਜੈਂਸੀ (ਹੰਗਾਮੀ ਹਾਲਤ) ਦੇ ਤੌਰ ਤੇ ਦੇਖਦੇ ਹੋਏ ਸਰੀਰ ਦੀ ਰੱਖਿਆ ਕਰਨੀ ਸ਼ੁਰੂ ਕਰ ਦਿੰਦਾ ਹੈ, ਇਸ ਵਿੱਚ ਆਏ ਵਿਕਾਰਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਵਿੱਚ ਜੁੱਟ ਜਾਂਦਾ ਹੈਨਤੀਜੇ ਵਜੋਂ ਸਾਡਾ ਸਰੀਰ ਸਵੈ-ਮੁਰੰਮ(Self-repairing) ਅਤੇ ਸਵੈ-ਸਫਾਈ (Self-cleaning) ਦੀ ਅਵਸਥਾ ਵਿੱਚ ਚਲਾ ਜਾਂਦਾ ਹੈ। ਇਸ ਅਵਸਥਾ ਵਿੱਚ ਸਰੀਰ ਦੇ ਅੰਦਰ ਜਮ੍ਹਾ ਕਿਸੇ ਵੀ ਤਰ੍ਹਾਂ ਦੀ ਗੰਦਗੀ, ਸੈੱਲਾਂ ਦੇ ਅੰਦਰ ਜਮ੍ਹਾ ਕੋਲੇਸਟ੍ਰੋਲ, ਸੁਤੰਤਰ-ਕਣ (Free-radicals) ਅਤੇ ਖਰਾਬ ਪ੍ਰੋਟੀਨ ਜਿਨ੍ਹਾਂ ਦਾ ਸਰੀਰ ਦੇ ਅੰਦਰ ਕੋਈ ਕੰਮ ਨਹੀਂ ਹੈ ਅਤੇ ਉਹ ਸੈੱਲਾਂ ਨੂੰ ਨੁਕਸਾਨ ਪਹੁੰਚਾਉਣਗੇ, ਉਨ੍ਹਾਂ ਨੂੰ ਨਸ਼ਟ ਕਰਣਗੇ ਅਤੇ ਸਰੀਰ ਵਿੱਚ ਬਿਮਾਰੀਆਂ ਲੈ ਕੈ ਆਉਣਗੇ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਇਸ ਤਰ੍ਹਾਂ ਸਰੀਰ ਵਿਚੋਂ ਕਿਸੇ ਵੀ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਦਾ ਇਹ ਸਭ ਤੋਂ ਕਾਰਗਰ ਅਤੇ ਸਹੀ ਤਰੀਕਾ ਹੈ

ਨੇਚਰੋਪੈਥੀ ਅਨੁਸਾਰ ਮਨੁੱਖੀ ਸਰੀਰ ਦੀ ਰਚਨਾ ਕਰਣ ਵਾਲੇ ਪੰਜ ਤੱਤਾਂ ਆਕਾਸ਼, ਵਾਯੂ, ਅਗਨੀ, ਜਲ ਅਤੇ ਪ੍ਰਿਥਵੀ (Five elements – Ether, Air, Fire, Water and Earth) ਵਿਚੋਂ ਆਕਾਸ਼ ਤੱਤ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ ਜਿਹੜਾ ਉਪਵਾਸ ਦੁਆਰਾ ਪੇਟ ਨੂੰ ਖਾਲੀ ਰੱਖ ਕੇ ਪ੍ਰਾਪਤ ਹੁੰਦਾ ਹੈ। ਪੇਟ ਵਿੱਚ ਖਾਲੀ ਥਾਂ ਹੋਣ ਤੇ ਹੀ ਖਾਧੇ ਹੋਏ ਪਦਾਰਥ ਨੂੰ ਗਤੀ ਮਿਲੇਗੀ ਅਤੇ ਉਹ ਪਚੇਗਾ। ਉਪਵਾਸ ਦਾ ਮੁੱਖ ਮੰਤਵ ਸਰੀਰ ਦੇ ਪਾਚਨ ਤੰਤਰ ਨੂੰ ਪੂਰਤੌਰ ਤੇ ਆਰਾਮ ਦੇਣਾ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਉਪਵਾਸ ਨੂੰ ਸਰੀਰਿਕ ਅਤੇ ਮਾਨਸਿਕ ਪਵਿੱਤਰਤਾ ਦਾ ਇੱਕ ਸਾਧਨ ਮੰਨਿਆ ਗਿਆ ਹੈਸਾਡੇ ਰਿਸ਼ੀਆਂ-ਮੁਨੀਆਂ ਨੇ ਦੂਰਦਰਸ਼ਿਤਾ ਦਿਖਾਉਂਦੇ ਹੋਏ ਆਮ ਲੋਕਾਂ ਦੀ ਸਿਹਤ ਦੇ ਵਿਸ਼ੇ ਨੂੰ ਆਸਥਾ ਨਾਲ ਜੋੜਿਆ ਤਾਂ ਕਿ ਪੀੜ੍ਹੀ-ਦਰ-ਪੀੜ੍ਹੀ ਇਨ੍ਹਾਂ ਦਾ ਪਾਲਣ ਕਰਕੇ ਲੋਕ ਸਿਹਤਮੰਦ ਰਹਿ ਸਕਣਜਿਵੇਂ ਨਰਾਤਿਆਂ ਦੇ ਉਪਵਾਸ ਮੌਸਮ ਦੇ ਬਦਲਣ ਦੇ ਨਾਲ ਸੰਬੰਧਿਤ ਹਨ। ਪਹਿਲੀ ਵਾਰ ਜਦੋਂ ਰੁੱਤ ਸਰਦੀ ਤੋਂ ਗਰਮੀ ਵੱਲ ਜਾਂਦੀ ਹੈ ਅਤੇ ਦੂਜੀ ਵਾਰ ਜਦੋਂ ਰੁੱਤ ਗਰਮੀ ਤੋਂ ਸਰਦੀ ਵੱਲ ਜਾਂਦੀ ਹੈ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਰੁੱਤ ਤਬਦੀਲੀ ਦੇ ਇਨ੍ਹਾਂ ਮੋੜਾਂ ਤੇ, ਜਦੋਂ ਵੱਖ-ਵੱਖ ਤਰ੍ਹਾਂ ਦੇ ਬੈਕਟੀਰੀਆ ਅਤੇ ਵਾਇਰਸ ਪੈਦਾ ਹੁੰਦੇ ਹਨ, ਜ਼ਿਆਦਾਤਰ ਲੋਕ ਸਰਦੀ, ਜ਼ੁਕਾਮ, ਬੁਖਾਰ, ਚੇਚਕ, ਹੈਜ਼ਾ, ਪੇਚਿਸ਼, ਇਨਫ਼ਲੂਏਂਜਾ ਆਦਿ ਰੋਗਾਂ ਨਾਲ ਪੀੜਿਤ ਹੋ ਜਾਂਦੇ ਹਨ। ਉਸ ਸਮੇਂ ਸਰੀਰ ਵਿੱਚ ਛਿਪੇ ਹੋਏ ਵਿਕਾਰਾਂ ਨੂੰ ਕੱਢਲਈ ਉਪਵਾਸ ਬਹੁਤ ਜ਼ਰੂਰੀ ਵੀ ਹੁੰਦੇ ਹਨ ਅਤੇ ਲਾਭਕਾਰੀ ਵੀ। ਇਸੇ ਤਰ੍ਹਾਂ ਏਕਾਦਸ਼ੀ ਦੇ ਉਪਵਾਸ ਦਾ ਵੀ ਵਿਗਿਆਨਿਕ ਪਹਿਲੂ ਹੈ। ਜਿਸ ਤਰ੍ਹਾਂ ਚੰਦਰਮਾ ਦਾ ਗੁਰੂਤਾ-ਆਕਰਸ਼ਣ ਬਲ ਸਮੁੰਦਰ ਦੇ ਪਾਣੀ ਤੇ ਜਵਾਰ-ਭਾਟੇ ਦੇ ਰੂਪ ਵਿੱਚ ਅਸਰ ਪਾਉਂਦਾ ਹੈ, ਉਸੇ ਤਰ੍ਹਾਂ ਇਹ ਮਨੁੱਖ ਦੇ ਸਰੀਰ ਤੇ, ਜਿਸ ਵਿੱਚ 70%ਤੋਂ ਵੱਧ ਪਾਣੀ ਹੈ, ’ਤੇ ਵੀ ਅਸਰ ਪਾਉਂਦਾ ਹੈ। ਕਿਉਂਕਿ ਏਕਾਦਸ਼ੀ ਵਾਲੇ ਦਿਨ (ਚੰਦਰ-ਚੱਕਰ ਦਾ 11ਵਾਂ ਦਿਨ) ਇਹ ਅਸਰ ਸਭ ਤੋਂ ਘੱਟ ਹੁੰਦਾ ਹੈ, ਇਸ ਲਈ ਇਸ ਦਿਨ ਨੂੰ ਸਰੀਰ ਦੀ ਸਫਾਈ ਦੇ ਲਈ ਸਭ ਤੋਂ ਉੱਤਮ ਗਿਣਿਆ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਭਾਰੇ ਭੋਜਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

ਪਰੰਤੂ ਅੱਜ ਅਸੀਂ ਉਪਵਾਸ ਨੂੰ ਕੇਵਲ ਇੱਕ ਰਸਮ ਬਣਾ ਲਿਆ ਹੈਉਪਵਾਸ ਦੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਤਲੇ-ਭੁੰਨੇ, ਚਟਪਟੇ, ਭਾਰੇ, ਮਸਾਲੇਦਾਰ ਭੋਜਨ ਖਾਣ ਲੱਗ ਗਏ ਹਾਂਅੱਜ ਵੱਡੀਆਂ-ਵੱਡੀਆਂ ਨਾਮੀ ਕੰਪਨੀਆਂ ਦੇ ਫਾਸਟ-ਫਰੈਂਡਲੀ (Fast-friendly) ਭੋਜਨ ਉਤਪਾਦ ਬਾਜ਼ਾਰ ਵਿੱਚ ਭਰੇ ਪਏ ਹਨ। ਹੋਟਲ ਅਤੇ ਰੇਸਟੋਰੈਂਟਾਂ ਵਿੱਚ ਉਪਵਾਸ ਦੇ ਨਾਮ ਤੇ ਵਿਸ਼ੇਸ਼ ਭੋਜਨ ਬਣਦੇ ਹਨ। ਅਤੇ ਅਸੀਂ ਉਪਵਾਸ ਦੇ ਅਸਲ ਮੰਤਵ ਤੋਂ ਕਿਤੇ ਦੂਰ ਚਲੇ ਗਏ ਹਾਂਉਪਵਾਸ ਤਾਂ ਇੱਕ ਸੁਭਾਵਿਕ ਪ੍ਰਕਿਰਿਆ ਹੈ, ਕੁਦਰਤ ਦੀ ਮੰਗ ਹੈ। ਪਸ਼ੂ-ਪੰਛੀ ਆਦਿ ਸਾਰੇ ਜੀਵਾਂ ਨੂੰ ਉਪਵਾਸ ਦੀ ਲੋੜ ਪੈਂਦੀ ਹੈ। ਰੋਗੀ ਪਸ਼ੂ, ਰੋਗੀ ਮਨੁੱਖ ਨਾਲੋਂ ਵੱਧ ਸਮਝਦਾਰ ਹੁੰਦਾ ਹੈ, ਜਿਹੜਾ ਰੋਗ ਦੀ ਹਾਲਤ ਵਿੱਚ ਚੰਗੇ ਤੋਂ ਚੰਗੇ ਚਾਰੇ ਨੂੰ ਖਾਣਾ ਤਾਂ ਦੂਰ, ਦੇਖਣਾ ਵੀ ਪਸੰਦ ਨਹੀਂ ਕਰਦਾ। ਕਿਉਂਕਿ ਉਹ ਸਮਝਦਾ ਹੈ ਕਿ ਰੋਗ ਦੀ ਹਾਲਤ ਵਿੱਚ ਕੁਝ ਗ੍ਰਹਿਣ ਕਰਨਾ ਜ਼ਹਿਰ ਦੇ ਬਰਾਬਰ ਹੈ, ਜਦਕਿ ਕੁਝ ਨਾ ਖਾ ਕੇ ਉਪਵਾਸ ਕਰਨਾ ਅੰਮ੍ਰਿਤ ਸਮਾਨ ਹੈਉਂਝ ਸਾਡੇ ਸਰੀਰ ਦਾ ਤੰਤਰ ਏਨਾ ਸੰਵੇਦਨਸ਼ੀਲ ਹੁੰਦਾ ਹੈ ਕਿ ਕੁਦਰਤੀ ਤੌਰ ਤੇ ਹੀ ਬਿਮਾਰ ਹੋਣ ਦੀ ਅਵਸਥਾ ਵਿੱਚ ਸਾਡੀ ਭੁੱਖ ਮਰ ਜਾਂਦੀ ਹੈ, ਪਰੰਤੂ ਬੁੱਧੀਮਾਨ ਹੁੰਦੇ ਹੋਏ ਵੀ ਅਸੀਂ ਕੁਦਰਤ ਦੇ ਹੁਕਮ ਨੂੰ ਨਹੀਂ ਮੰਨਦੇ ਅਤੇ ਕੁਝ ਨਾ ਕੁਝ ਖਾਂਦੇ ਰਹਿੰਦੇ ਹਾਂ ਅਤੇ ਛੇਤੀ ਠੀਕ ਨਹੀਂ ਹੁੰਦੇਜਦਕਿ ਚਾਹੀਦਾ ਇਹ ਹੈ ਕਿ ਅਸੀਂ ਉਸ ਕੁਝ ਵੀ ਗ੍ਰਹਿਣ ਕਰਨ ਤੋਂ ਬਚੀਏ ਤਾਕਿ ਜੀਵਨੀ ਸ਼ਕਤੀ ਬਾਹਰੀ ਤੱਤਾਂ ਨੂੰ ਅਤੇ ਰੋਗ ਨੂੰ ਸਰੀਰ ਵਿਚੋਂ ਬਾਹਰ ਕੱਢ ਕੇ ਹੀ ਸਾਹ ਲਵੇ।

ਉਪਵਾਸ ਦੇ ਦੌਰਾਨ ਮਨੁੱਖ ਨੂੰ ਹਮੇਸ਼ਾ ਪ੍ਰਸੰਨਚਿਤ ਅਤੇ ਆਸ਼ਾਵਾਦੀ ਹੋਣਾ ਚਾਹੀਦਾ ਹੈਉਸ ਦਾ ਮਨ ਸ਼ਾਂਤ ਅਤੇ ਸਥਿਰ ਹੋਣਾ ਚਾਹੀਦਾ ਹੈਉਪਵਾਸ ਦੇ ਦੌਰਾਨ ਰੋਗੀ ਨੂੰ, ਨਿਯਮਿਤ ਤੌਰ ਤੇ, ਆਪਣੀ ਸਰੀਰਿਕ ਸ਼ਕਤੀ ਅਨੁਸਾਰ, ਕਸਰਤ ਕਰਦੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਨਿਯਮਿਤ ਆਰਾਮ ਦੀ ਵੀ ਸਖਤ ਜ਼ਰੂਰਤ ਹੁੰਦੀ ਹੈਭਾਵ ਕਿ ਨਾ ਤਾਂ ਰੋਗੀ ਮੰਜੇ ਤੇ ਪਿਆ ਰਹੇ ਅਤੇ ਨਾ ਸਰੀਰਿਕ ਕਾਰਜ ਵਿੱਚ ਰੁੱਝਿਆ ਰਹੇ। ਉਪਵਾਸ ਦੇ ਦੌਰਾਨ ਸਰੀਰਿਕ ਸ਼ਕਤੀ ਕਾਫੀ ਕਮਜ਼ੋਰ ਹੋ ਜਾਂਦੀ ਹੈ। ਇਸ ਕਰਕੇ ਉਪਵਾਸ ਖਤਮ ਕਰਣ ਵੇਲੇ ਪੂਰਾ ਆਤਮ-ਸੰਜਮ ਵਰਤਣਾ ਚਾਹੀਦਾ ਹੈ। ਨਿਯੰਤ੍ਰਿਤ ਮਾਤਰਾ ਵਿੱਚ ਫਲਾਂ ਦੇ ਰਸ, ਸਬਜ਼ੀਆਂ ਦੇ ਸੂਪ ਆਦਿ ਤੋਂ ਸ਼ੁਰੂ ਕਰ ਕੇ ਹਲਕੇ, ਆਸਾਨੀ ਨਾਲ ਪਚਣ ਵਾਲੇ ਭੋਜਨ ਅਤੇ ਅੰਤ ਵਿੱਚ ਅੰਨ ਤੇ ਆਉਣਾ ਚਾਹੀਦਾ ਹੈਭੋਜਨ ਦੀ ਮਾਤਰਾ, ਹੌਲੀ-ਹੌਲੀ, ਪਾਚਨ ਸ਼ਕਤੀ ਦੇ ਵਧਣ ਦੇ ਨਾਲ-ਨਾਲ ਹੀ ਵਧਾਉਣੀ ਚਾਹੀਦੀ ਹੈ। ਸਾਵਧਾਨੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਪਹਿਲਾਂ ਖਾਧਾ ਹੋਇਆ ਭੋਜਨ ਪਚਣ ਤੇ ਹੀ ਅਗਲਾ ਭੋਜਨ ਗ੍ਰਹਿਣ ਕੀਤਾ ਜਾਵੇ।

ਨੇਚਰੋਪੈਥੀ ਵਿੱਚ ਉਪਵਾਸ ਰੋਗਾਂ ਦੀ ਤੀਬਰਤਾ ਦੇ ਅਨੁਸਾਰ ਰੱਖੇ ਜਾਂਦੇ ਹਨਜਿਵੇਂ ਕਿ ਸਵੇਰ ਦਾ ਉਪਵਾਸ, ਸ਼ਾਮ ਦਾ ਉਪਵਾਸ, ਇੱਕ-ਆਹਾਰ ਤੇ ਉਪਵਾਸ, ਫਲਾਂਤੇ ਉਪਵਾਸ, ਦੁੱਧ ਤੇ ਉਪਵਾਸ, ਲੱਸੀ ਤੇ ਉਪਵਾਸ, ਪੂਰਣ-ਉਪਵਾਸ, ਹਫਤਾਵਾਰੀ-ਉਪਵਾਸ, ਲਘੂ-ਉਪਵਾਸ, ਕੜਾ-ਉਪਵਾਸ, ਟੁੱਟਿਆ-ਉਪਵਾਸ, ਲੰਬਾ-ਉਪਵਾਸਲਾਜ਼ਮੀ ਹੈ ਕਿ ਉਪਵਾਸ ਨੂੰ ਸ਼ੁਰੂ ਅਤੇ ਖਤਮ ਕਰਨ ਦੇ ਤਰੀਕੇ, ਉਪਵਾਸ ਦੀ ਮਿਆਦ ਅਤੇ ਕਿਸਮ, ਉਪਵਾਸ ਦੌਰਾਨ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਪਤਾ ਹੋਵੇ; ਉਪਵਾਸ ਕਾਲ ਦੇ ਦੌਰਾਨ ਅਸਥਾਈ ਤੌਰ ਤੇ ਆਉਣ ਵਾਲੇ ਰੋਗ-ਨਿਰਵਾਣ ਸੰਕਟਾਂ (ਹੀਲਿੰਗ ਕ੍ਰਾਇਸਿਸ) ਅਤੇ ਉਨ੍ਹਾਂ ਤੋਂ ਨਿਪਟਣ ਬਾਰੇ ਪੂਰਾ ਗਿਆਨ ਹੋਵੇ। ਇਸ ਲਈ ਉਪਵਾਸ, ਵਿਸ਼ੇਸ਼ ਤੌਰ ਤੇ ਲੰਬੇ ਉਪਵਾਸ, ਨੇਚਰੋਪੈਥੀ ਵਿਸ਼ੇਸ਼ੱਗ ਦੀ ਸਲਾਹ ਅਤੇ ਦੇਖ-ਰੇਖ ਵਿੱਚ ਹੀ ਰੱਖਣੇ ਚਾਹੀਦੇ ਹਨ। ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀਜਿਹੜੇ ਆਪ ਨੇਚਰੋਪੈਥੀ ਦੇ ਵੱਡੇ ਸਮਰਥਕ ਅਤੇ ਚਿਕਿਤਸਕ ਰਹੇ ਹਨ, ਅਤੇ ਜਿਨ੍ਹਾਂ ਨੇ 1946 ਵਿੱਚ ਪੂਨਾ ਦੇ ਉਰਲੀ ਕੰਚਨ ਵਿੱਚ ਸਭ ਤੋਂ ਪਹਿਲੇ ਨੇਚਰੋਪੈਥੀ ਕੇਂਦਰ ਅਤੇ ਹਸਪਤਾਲ ਦੀ ਸਥਾਪਨਾ ਕੀਤੀ ਨੇ ਆਪਣੇ 79 ਸਾਲ ਦੇ ਜੀਵਨ ਕਾਲ ਵਿੱਚ 1341 ਦਿਨ (ਤਕਰੀਬਨ ਪੌਣੇ ਚਾਰ ਸਾਲ) ਉਪਵਾਸ ਕੀਤਾ, ਜਿਸ ਵਿੱਚ ਤਿੰਨ ਵਾਰ 21-21 ਦਿਨਾਂ ਦੇ ਉਪਵਾਸ ਸ਼ਾਮਿਲ ਹਨ, ਅਤੇ ਜੀਵਨ ਭਰ ਤੰਦਰੁਸਤ ਰਹੇ। ਆਯੁਰਵੇਦ ਦੇ ਅਨੁਸਾਰ ਲੰਘਨਮ ਪਰਮਔਸ਼ਧਮ ਅਰਥਾਤ ਉਪਵਾਸ ਇੱਕ ਅਜਿਹੀ ਦੁਆਈ ਹੈ ਜਿਹੜੀ ਸੰਸਾਰ ਵਿੱਚ ਕਿਤੇ ਨਹੀਂ ਮਿਲਦੀ। ਇਸ ਨਾਲ ਸਰੀਰ ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਖੂਨ ਸਾਫ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਭਿਆਨਕ ਤੋਂ ਭਿਆਨਕ ਰੋਗ ਵੀ ਠੀਕ ਹੋ ਜਾਂਦੇ ਹਨ ਅਤੇ ਲੰਬੀ ਉਮਰ ਦੀ ਪ੍ਰਾਪਤੀ ਹੁੰਦੀ ਹੈ

Punjabi Tribune - 31.05.2019

Sunday, April 28, 2019

ਨੇਚਰੋਪੈਥੀ: ਕੁਝ ਸਵਾਲ-ਜਵਾਬ (Naturopathy: Some Discussion)


19 ਅਪ੍ਰੈਲ ਦੇ ਪੰਜਾਬੀ ਟ੍ਰਿਬਿਊਨ ਵਿੱਚ ਛਪੇ ਡਾ॰ ਪਿਆਰਾ ਲਾਲ ਗਰਗ ਦਾ ਲੇਖ ‘ਜੀਵਨੀ ਸ਼ਕਤੀ ਦਾ ਕੱਚ-ਸੱਚ...’ ਪੜ੍ਹਿਆ। ਡਾ॰ ਗਰਗ ਜਿਹੀ ਉਘੀ, ਵਿਦਵਾਨ ਅਤੇ ਬੁਧੀਜੀਵੀ ਸ਼ਖਸੀਅਤ ਦੁਆਰਾ ਮੇਰੇ 5 ਅਪ੍ਰੈਲ ਨੂੰ ਇਸੇ ਪੰਨੇ ’ਤੇ ਛਪੇ ਲੇਖ ‘ਜੀਵਨੀ ਸ਼ਕਤੀ’ ਜੀਵਨੀ ਸ਼ਕਤੀ (Vital Force) ਦੀ ਆਲੋਚਨਾ ਕਰਨਾ ਵੀ ਮੇਰੇ ਜਿਹੇ ਲੇਖਕ ਲਈ ਵੱਡੀ ਪ੍ਰਾਪਤੀ ਹੈ। ਡਾ॰ ਗਰਗ ਹਮੇਸ਼ਾ ਤੋਂ ਹੀ ਗਰੀਬਾਂ, ਮਜ਼ਲੂਮਾਂ, ਕਿਸਾਨਾਂ ਦੀ ਸਥਿਤੀ, ਪਿੰਡਾਂ, ਖੇਤੀਬਾੜੀ, ਪੰਜਾਬੀ ਭਾਸ਼ਾ ਆਦਿ ਅਨੇਕਾਂ ਹੀ ਮਸਲਿਆਂ ’ਤੇ ਸਮਾਜ ਨੂੰ ਲਗਾਤਾਰ ਸੇਧ ਦਿੰਦੇ ਆਏ ਹਨ। ਉਨ੍ਹਾਂ ਨੇ ਇਸ ਲੇਖ ਦੇ ਮਾਰਫ਼ਤ ਸਮਾਜ ਵਿੱਚ ਫੈਲਦੇ ਅੰਧ-ਵਿਸ਼ਵਾਸ਼, ਗਰੀਬਾਂ ਅਤੇ ਔਰਤਾਂ ਨਾਲ ਹੁੰਦੇ ਅਨਿਆਂ, ਧਰਮ ਦੇ ਨਾਂ ’ਤੇ ਹੁੰਦੇ ਅਤਿਆਚਾਰ, ਆਦਿ ਦੇ ਪ੍ਰਤੀ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।

ਜੀਵਨੀ ਸ਼ਕਤੀ (Vital Force)
ਇਸ ਲੇਖ ਦੇ ਮਾਧਿਅਮ ਰਾਹੀਂ ਮੈਂ ਡਾ॰ ਗਰਗ ਨਾਲ ਅਤੇ ਪਾਠਕਾਂ ਨਾਲ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਲੇਖ ਪੜ੍ਹ ਕੇ ਜਾਪਦਾ ਹੈ ਕਿ ਡਾ॰ ਸਾਹਿਬ ਨੇ ਉਕਤ ਲੇਖ ਮੇਰੇ ਉਸ ਲੇਖ ਨੂੰ ਪੜ੍ਹ ਕੇ ਨਹੀਂ, ਬਲਕਿ ਆਪਣੇ ਮਨ ਉੱਤੇ ਪਈ ਕਿਸੇ ਪੂਰਵ-ਨਿਰਧਾਰਿਤ ਛਾਪ ਦੇ ਅਸਰ ਅਧੀਨ ਲਿਖਿਆ ਹੈ। ਨੇਚਰੋਪੈਥੀ ਇਲਾਜ ਦੀ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਬਿਨਾਂ ਦੁਆਈਆਂ ਦੇ, ਆਪਣੀ ਜੀਵਨਸ਼ੈਲੀ ਨੂੰ ਨਿਯਮਿਤ ਕਰਕੇ, ਆਹਾਰ ਅਤੇ ਵਿਹਾਰ ’ਤੇ ਨਿਯੰਤਰਣ ਰਾਹੀਂ, ਜਲ, ਮਿੱਟੀ, ਮਾਲਿਸ਼ਾਂ, ਯੋਗ, ਆਦਿ ਦੀ ਮਦਦ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾਂਦਾ ਹੈ। ਇਸ ਪ੍ਰਣਾਲੀ ਨੂੰ ਅਪਨਾਉਣ ਨਾਲ ਮਨੁੱਖ ਦੀ ਡਾਕਟਰਾਂ ਕੋਲ ਜਾ ਕੇ ਮਹਿੰਗੇ ਇਲਾਜ ਕਰਵਾਉਣ ਦੀ ਲੋੜ ਦਿਨੋਂ ਦਿਨ ਘਟਦੀ ਜਾਂਦੀ ਹੈ। ਇਸ ਲਈ ਡਾ॰ ਗਰਗ ਦਾ ਇਹ ਕਹਿਣਾ ਕੀ ਲੋਕਾਂ ਨੂੰ ਹਕੀਕਤ ਤੋਂ ਦੂਰ ਲਿਜਾਉਣ ਲਈ ਗੈਰ-ਵਿਗਿਆਨਿਕ ਤਰੀਕੇ ਦਾ ਪ੍ਰਚਾਰ ਕੀਤਾ ਜਾਂਦਾ ਹੈ, ਗਲਤ ਹੈ।

ਡਾ॰ ਗਰਗ ਦਾ ਪੰਜ ਤੱਤਾਂ ਬਾਰੇ ਅਸਹਿਮਤ ਹੋਣ ਦਾ ਵੀ ਕੋਈ ਵਿਸ਼ੇਸ਼ ਆਧਾਰ ਸਮਝ ਵਿੱਚ ਨਹੀਂ ਆਉਂਦਾ। ਇਹ ਤਾਂ ਸਾਡੇ ਸਰੀਰ ਨੂੰ ਅਤੇ ਬ੍ਰਹਿਮੰਡ ਨੂੰ ਸਰਲਤਾ ਨਾਲ ਸਮਝਾਉਣ ਲਈ ਸਾਡੇ ਸ਼ਾਸਤਰਾਂ, ਗ੍ਰੰਥਾਂ, ਗੁਰੂਆਂ ਦੁਆਰਾ ਕੀਤਾ ਗਿਆ ਇੱਕ ਵਰਗੀਕਰਣ ਹੈ। ਜਿਵੇਂ ਪ੍ਰਿਥਵੀ (Earth) ਭਾਵ ਠੋਸ (ਹੱਡੀਆਂ, ਮਾਸ, ਨਹੁੰ, ਚਮੜੀ, ਆਦਿ), ਜਲ (Water) ਭਾਵ ਤਰਲ (ਲਹੂ, ਪਸੀਨਾ, ਪਿਸ਼ਾਬ, ਲਾਰ, ਆਦਿ), ਵਾਯੂ (Air) ਭਾਵ ਗੈਸ (ਆਕਸੀਜਨ, ਕਾਰਬਨਡਾਇਕਸਾਈਡ, ਆਦਿ), ਅਗਨੀ (Fire) (ਸਰੀਰ ਦਾ ਤਾਪਮਾਨ, ਸਰੀਰ ਵਿੱਚ ਊਰਜਾ, ਪਾਚਨ ਕਿਰਿਆ, ਆਦਿ), ਆਕਾਸ਼ (Ether) (ਖਾਲੀ ਥਾਂ ਜਿਵੇਂ ਪੇਟ, ਮੂੰਹ, ਨੱਕ, ਸਾਹ ਦੀ ਨਲੀ, ਆਦਿ)। ਇਹੀ ਵਰਗੀਕਰਣ ਇਸ ਬ੍ਰਹਿਮੰਡ ਤੇ ਵੀ ਲਾਗੂ ਹੁੰਦਾ ਹੈ। ਫਿਰ ਵਿਗਿਆਨ ਇਸ ਨੂੰ ਭਾਵੇਂ 118 ਤੱਤਾਂ (Elements) ਜਿਸ ਵਿੱਚ ਧਾਤਾਂ (Metals), ਗੈਰ-ਧਾਤਾਂ (Non-Metals), ਨੋਬਲ ਗੈਸਾਂ (Noble Gases), ਆਦਿ ਦੇ ਰੂਪ ਵਿੱਚ ਗਿਣੇ ਜਾਂ ਫਿਰ ਯੋਗਿਕਾਂ (Compounds) ਤੇ ਮਿਸ਼ਰਣਾਂ (Mixtures) ਦੇ ਰੂਪ ਵਿੱਚ ਗਿਣੇ। ਸੰਤੁਲਿਤ ਰੂਪ ਵਿੱਚ ਇਨ੍ਹਾਂ ਪੰਜਾਂ ਤੱਤਾਂ, ਭਾਵ ਹੁਣ ਦੇ ਵਿਗਿਆਨ ਅਨੁਸਾਰ ਸਭ ਤੱਤਾਂ ਦੀ ਮੌਜੂਦਗੀ, ਸਰੀਰ ਨੂੰ ਤੰਦਰੁਸਤ ਰਖਦੀ ਹੈ। ਇਸ ਤਰੀਕੇ ਨਾਲ ਕੀਤਾ ਗਿਆ ਵਰਗੀਕਰਣ, ਆਧੁਨਿਕ ਵਿਗਿਆਨਿਕ ਵਰਗੀਕਰਣ ਨਾਲੋਂ ਭਾਵੇਂ ਕਿੰਨਾ ਵੀ ਭਿੰਨ ਕਿਉਂ ਨਾ ਹੋਵੇ, ਗੈਰ-ਵਿਗਿਆਨਿਕ ਨਹੀਂ ਹੈ।

ਇਸੇ ਤਰ੍ਹਾਂ ਡਾ॰ ਗਰਗ ਦੁਆਰਾ ਵਰਤਾਂ ਜਾਂ ਭੁੱਖ ਨੂੰ ਲੈ ਕੇ ਕੀਤੀ ਟਿੱਪਣੀ ਵੀ ਇਥੇ ਢੁਕਦੀ ਨਹੀਂ ਕਿਉਂਕਿ ਆਪਣੇ ਲੇਖ ‘ਜੀਵਨੀ ਸ਼ਕਤੀ’ ਵਿੱਚ ਮੈਂ ਇੱਕ ਵੀ ਵਾਰ ਕਿਸੇ ਵੀ ਕਿਸਮ ਦੇ ਵਰਤ (ਛੋਟੇ ਜਾਂ ਲੰਮੇ) ਜਾਂ ਫਿਰ ਭੁੱਖੇ ਰਹਿਣ ਬਾਰੇ ਜ਼ਿਕਰ ਨਹੀਂ ਕੀਤਾ ਹੈ। ਹਾਂ ਏਨਾ ਜ਼ਰੂਰ ਆਖਿਆ ਹੈ ਕਿ ਆਕਾਸ਼ ਤੱਤ ਪੇਟ ਨੂੰ ਖਾਲੀ ਰੱਖ ਕੇ ਪ੍ਰਾਪਤ ਹੁੰਦਾ ਹੈ ਅਤੇ ਪੇਟ ਵਿੱਚ ਖਾਲੀ ਥਾਂ ਹੋਣ ’ਤੇ ਹੀ ਖਾਧੇ ਹੋਏ ਪਦਾਰਥ ਨੂੰ ਗਤੀ ਮਿਲੇਗੀ ਅਤੇ ਉਹ ਪਚੇਗਾ। ਜਦਕਿ ਡਾ॰ ਸਾਹਿਬ ਇਹ ਪ੍ਰਭਾਵ ਦੇਣਾ ਚਾਹ ਰਹੇ ਹਨ ਜਿਵੇਂ ਕਿ ਉਸ ਲੇਖ ਦਾ ਮੁੱਖ ਮਕਸਦ ਹੀ ਭੁੱਖੇ ਰਹਿਣ ਦਾ ਉਪਦੇਸ਼ ਦੇਣਾ ਹੈ। ਇਸੇ ਕਰਕੇ ਉਹ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਭੁੱਖੇ ਰਹਿਣ ਨਾਲ ਕਿਵੇਂ ਦਿਮਾਗ ’ਤੇ ਅਸਰ ਹੁੰਦਾ ਹੈ, ਕਿਵੇਂ ਤੇਜ਼ਾਬ ਪੈਦਾ ਹੁੰਦਾ ਹੈ ਜਾਂ ਕੀਟੋਨ (Ketones) ਬਣਦੇ ਹਨ। ਪਰ ਆਧੁਨਿਕ ਵਿਗਿਆਨ ਵੀ ਕਿਤੇ ਇਹ ਦਲੀਲ ਨਹੀਂ ਦਿੰਦਾ ਕਿ ਤੁੰਨ-ਤੁੰਨ ਕੇ ਭਰੇ ਪੇਟ ਵਿੱਚ ਖਾਣਾ ਚੰਗੇ ਢੰਗ ਨਾਲ ਪਚੇਗਾ। ਕੀ ਆਧੁਨਿਕ ਵਿਗਿਆਨ ਇਹ ਨਹੀਂ ਮੰਨਦਾ ਕਿ ਸਿਹਤਮੰਦ ਰਹਿਣ ਲਈ ਜਿੰਨੀ ਭੁੱਖ ਮਹਿਸੂਸ ਹੁੰਦੀ ਹੋਵੇ, ਉਸ ਤੋਂ ਕੁਝ ਘੱਟ ਖਾਧਾ ਜਾਣਾ ਚਾਹੀਦਾ ਹੈ?

ਮੈਂ ਪਾਠਕਾਂ ਦਾ ਧਿਆਨ 2016 ਦੇ ਚਿਕਿਤਸਾ ਖੇਤਰ ਵਿੱਚ ਮਿਲੇ ਨੋਬਲ ਪੁਰਸਕਾਰ ਵਿਗਿਆਨੀ ਯੋਸ਼ਿਨੋਰੀ ਓਸੂਮੀ ਦੀ ਆਟੋਫੈਜੀ (Autophagy) ’ਤੇ ਕੀਤੀ ਖੋਜ ਵੱਲ ਦਿਵਾਉਣਾ ਚਾਹੁੰਦਾ ਹਨ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਇਲਾਜ ਦੇ ਫਾਇਦੇ ਲੈਣ ਲਈ ਕਈ ਵਾਰ ਉਸ ਦੇ ਦੁਸ਼-ਪ੍ਰਭਾਵ ਵੀ ਝੱਲਣੇ ਪੈਂਦੇ ਹਨ। ਕੀ ਮਨੁੱਖ ਗੰਭੀਰ ਰੋਗਾਂ ਤੋਂ ਬਚਣ ਲਈ ਸਟੇਰੋਇਡ ਨਹੀਂ ਲੈਂਦਾ, ਕੈਂਸਰ ਤੋਂ ਬਚਣ ਲਈ ਕੀਮੋਥੈਰੇਪੀ ਨਹੀਂ ਕਰਵਾਉਂਦਾ। ਅਸਲ ਵਿੱਚ ਤਾਂ ਕੋਈ ਵੀ ਐਲੋਪੈਥਿਕ ਦੁਆਈ ਦੁਸ਼-ਪ੍ਰਭਾਵਾਂ ਤੋਂ ਬਿਨਾਂ ਹੈ ਹੀ ਨਹੀਂ। ਤਾਂ ਕੀ ਮਨੁੱਖ ਨੇ ਉਹ ਖਾਣੀਆਂ ਬੰਦ ਕਰ ਦਿੱਤੀਆਂ ਹਨ। ਸੋ ਕੇਵਲ ਇਹ ਕਾਰਣ ਬਣਾ ਕੇ ਕਿ ਸਿਰ ਦੁਖੇਗਾ ਜਾਂ ਤੇਜਾਬ ਬਣੇਗਾ ਜਾਂ ਪਿਸ਼ਾਬ ਵਿੱਚ ਕੀਟੋਨ ਬਣਨਗੇ, ਕਿਸੇ ਪ੍ਰਣਾਲੀ ਨੂੰ ਨਖਿੱਧਣਾ ਜਾਇਜ਼ ਨਹੀਂ ਹੈ।

ਆਪਣੇ ਉਸ ਲੇਖ ਵਿੱਚ ਮੈਂ ਕਿਸੇ ਵੀ ਤਰ੍ਹਾਂ ਭੋਜਨ ਦੇ ਮਹੱਤਵ ਨੂੰ ਨਹੀਂ ਘਟਾਇਆ। ਸਗੋਂ ਵਿਸ਼ੇਸ਼ ਤੌਰ ’ਤੇ ਲਿਖਿਆ ਹੈ ਕਿ ਭੋਜਨ ਸਰੀਰ ਦਾ ਨਿਰਮਾਣ ਵੀ ਕਰਦਾ ਹੈ ਤੇ ਇਸ ਵਿੱਚ ਹੋਣ ਵਾਲੀ ਟੁੱਟ-ਫੁੱਟ ਦੀ ਮੁਰੰਮਤ ਵੀ ਕਰਦਾ ਹੈ ਅਤੇ ਤੰਦਰੁਸਤ ਰਹਿਣ ਲਈ ਪੰਜੇ ਤੱਤ ਸੰਤੁਲਿਤ ਰੂਪ ਵਿੱਚ ਸਰੀਰ ਨੂੰ ਮਿਲਦੇ ਰਹਿਣੇ ਚਾਹੀਦੇ ਹਨ। ਇਸੇ ਨੂੰ ਹੀ ਆਧੁਨਿਕ ਵਿਗਿਆਨ ਸੰਤੁਲਿਤ ਆਹਾਰ ਜਾਂ ਸੰਤੁਲਿਤ ਭੋਜਨ (Balanced Diet) ਦਾ ਨਾਂ ਦਿੰਦਾ ਹੈ।

ਇਸ ਲੇਖ ਵਿੱਚ ਡਾ॰ ਸਾਹਿਬ ਦਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਨਾ ਜਿਵੇਂ ਕਿ ‘ਜੀਵਨੀ ਸ਼ਕਤੀ’ ਵਰਗੇ ਲੇਖਾਂ ਨਾਲ ਸਮਾਜ ਵਿੱਚ ਅੰਧ-ਵਿਸ਼ਵਾਸ਼ ਵਧਦਾ ਹੈ, ‘ਭੁੱਖਮਰੀ, ਕੁਪੋਸ਼ਣ, ਬਲਾਤਕਾਰ, ਜਾਤ ਤੇ ਧਰਮ ਆਧਾਰਿਤ ਕਤਲ, ਭੀੜਤੰਤਰ ਰਾਹੀਂ ਕੁੱਟ-ਮਾਰ, ਜਿਸਮਾਨੀ ਹਮਲੇ...’, ਆਦਿ ਆਦਿ ਵਧਦੇ ਹਨ, ਇਸ ਲੇਖ ਦੇ ਨਾਲ ਅਨਿਆਂ ਹੈ। ਮੈਂ ਆਪਣੇ ਲੇਖ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਫਰਤ, ਨਿੰਦਾ, ਸੁਆਰਥ, ਲੋੜ ਤੋਂ ਵੱਧ ਇੱਛਾਵਾਂ, ਆਦਿ ਤੋਂ ਦੂਰ ਰਹਿਣ ਦੀ ਗੱਲ ਕੀਤੀ ਹੈ ਅਤੇ ਰਚਨਾਤਮਕ ਵਿਚਾਰ ਸੱਚ, ਸੰਤੋਖ, ਦਇਆ, ਧਰਮ, ਸੰਜਮ, ਪ੍ਰੇਮ, ਦੋਸਤੀ, ਸ਼ਾਂਤੀ, ਤਿਆਗ, ਮੁਆਫ ਕਰਨਾ, ਮੁਆਫੀ ਮੰਗਣੀ, ਆਦਿ ਨੂੰ ਅਪਨਾਉਣ ਦੀ ਗੱਲ ਕੀਤੀ ਹੈ। ਚੜ੍ਹਦੀ ਕਲਾ ਵਿੱਚ ਰਹਿਣ ਦੇ ਪੰਜ ਸੂਤਰਾਂ ਵਿਚੋਂ ਇੱਕ ਮੁੱਖ ਸੂਤਰ ਵਿੱਚ ਪੰਜ ਸ਼ੁਭ ਗੁਣਾਂ ਨੂੰ ਅਪਨਾਉਣ ਤੇ ਪੰਜ ਵਿਕਾਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਜੇਕਰ ਮਨੁੱਖ ਇਨ੍ਹਾਂ ਨਿਯਮਾਂ ਉੱਤੇ ਚੱਲੇਗਾ ਤਾਂ ਡਾ॰ ਸਾਹਿਬ ਦੁਆਰਾ ਦਰਸਾਈਆਂ ਗਈਆਂ ਸਮਾਜਿਕ ਬੁਰਾਈਆਂ ਖਤਮ ਕੀਤੀਆਂ ਜਾ ਸਕਦੀਆਂ ਹਨ।

ਡਾ॰ ਸਾਹਿਬ ਦੇ ਗਿਆਨ ਅਤੇ ਤਜੁਰਬੇ ਦੀ ਕੋਈ ਮਿਸਾਲ ਨਹੀਂ ਹੈ। ਇਸੇ ਕਰਕੇ ਉਨ੍ਹਾਂ ਦੀ ਚਾਰਾ ਵਿਗਿਆਨ ਅਤੇ ਥਰਮੋਡਾਇਨਾਮਿਕਸ ਬਾਰੇ ਜਾਣਕਾਰੀ ਵੀ ਮੇਰੇ ਨਾਲੋਂ ਕਿਤੇ ਬਿਹਤਰ ਹੈ। ਮੈਂ ਤਾਂ ਕੇਵਲ ਇਹ ਸਮਝਦਾ ਹਾਂ ਕਿ ਇਹ ਉਸ ਪਰਮੇਸ਼ਵਰ ਦੀ ਅਦੁੱਤੀ ਰਚਨਾ ਹੈ ਜਿਸ ਕਰਕੇ ਗਾਂ ਆਪਣੇ ਚਾਰ ਭਾਗਾਂ ਵਾਲੇ ਪੇਟ ਅਤੇ ਪਾਚਨ ਤੰਤਰ ਦੀ ਮਦਦ ਨਾਲ ਘੱਟ ਕੈਲਰੀਆਂ ਵਾਲੇ ਚਾਰੇ ’ਚੋਂ ਵੀ ਜ਼ਰੂਰੀ ਪੌਸ਼ਟਿਕ ਤੱਤ ਪ੍ਰਾਪਤ ਕਰ ਲੈਂਦੀ ਹੈ।

ਇੰਝ ਭਾਸਦਾ ਹੈ ਜਿਵੇਂ ਡਾ॰ ਸਾਹਿਬ ਨੇ ਮੇਰੇ ਲੇਖ ਬਾਰੇ ਪ੍ਰਤਿਕਿਰਿਆ ਕੇਵਲ ‘ਪਰਮੇਸ਼ਵਰ’ ਜਾਂ ‘ਪੰਜ ਤੱਤ’ ਵਰਗੇ ਸ਼ਬਦਾਂ ਨੂੰ ਦੇਖ ਕੇ ਹੀ ਦੇ ਦਿੱਤੀ ਹੈ। ਉਸ ਲੇਖ ਵਿੱਚ ਕੋਈ ਵੀ ਸ਼ਬਦ ਅਜਿਹਾ ਨਹੀਂ ਆਇਆ ਹੋਵੇਗਾ ਜਿਸ ਤੋਂ ਲੱਗੇ ਕਿ ਇਹ ਅੰਧ-ਵਿਸ਼ਵਾਸ਼ ਵਧਾਉਂਦਾ ਹੈ ਜਾਂ ਗਲਤ ਧਾਰਨਾਵਾਂ ਨੂੰ ਫੈਲਾਉਂਦਾ ਹੈ। ਆਸਤਿਕਤਾ ਜਾਂ ਨਾਸਤਿਕਤਾ, ਜੀਵਨ ਨੂੰ ਜਿਓਣ ਦੇ ਦੋ ਢੰਗ ਹਨ। ਇਹ ਹਰ ਇੱਕ ਇਨਸਾਨ ਦਾ ਨਿਜੀ ਫੈਸਲਾ ਹੈ ਅਤੇ ਉਸ ਨੂੰ ਇਹ ਖੁਲ੍ਹ ਹੋਣੀ ਚਾਹੀਦੀ ਹੈ ਕਿ ਆਪਣੀ ਜ਼ਿੰਦਗੀ ਨੂੰ ਜਿਓਣ ਲਈ ਉਸ ਨੇ ਕਿਹੜੇ ਰਾਹ ਨੂੰ ਚੁਣਨਾ ਹੈ। ਕੇਵਲ ਇਸ ਕਰਕੇ ਕਿ ਵਿਅਕਤੀ ਪਰਮੇਸ਼ਵਰ ਵਿੱਚ ਵਿਸ਼ਵਾਸ਼ ਰਖਦਾ ਹੈ ਰਾਇ ਕਾਇਮ ਕਰ ਲੈਣੀ ਕਿ ਉਹ ਅੰਧ-ਵਿਸ਼ਵਾਸ਼ ਜਾਂ ਗਲਤ-ਧਾਰਨਾਵਾਂ ਪੈਦਾ ਕਰਦਾ ਹੈ, ਜਾਇਜ਼ ਨਹੀਂ ਹੈ। ਵਿਸ਼ਵਾਸ਼ ਅਤੇ ਅੰਧ-ਵਿਸ਼ਵਾਸ਼ ਵਿਚਕਾਰ ਇੱਕ ਬਹੁਤ ਹੀ ਬਰੀਕ ਰੇਖਾ ਹੁੰਦੀ ਹੈ। ਜੇਕਰ ਈਸ਼ਵਰ ਦੀ ਹੋਂਦ ਨੂੰ ਸਵੀਕਾਰਨਾ ਅੰਧ-ਵਿਸ਼ਵਾਸ਼ ਹੈ, ਤਾਂ ਮਨੁੱਖ ਦੀ ਬਾਂਦਰ ਤੋਂ ਆਧੁਨਿਕ ਮਨੁੱਖ ਬਣਨ ਦੀ ਕਹਾਣੀ, ਬ੍ਰਹਿਮੰਡ ਦੇ ਮਹਾਂ-ਵਿਸਫੋਟ (ਬਿਗ-ਬੈਂਗ) ਦੁਆਰਾ ਹੋਂਦ ਵਿੱਚ ਆਉਣ ਦਾ ਸਿਧਾਂਤ ਕਿਸ ਸ਼੍ਰੇਣੀ ਵਿੱਚ ਆਉਂਦੇ ਹਨ?

ਉਹ ਲੇਖ, ਅਤੇ ਆਪਣੇ ਆਪ ਵਿੱਚ ਨੇਚਰੋਪੈਥੀ ਤਾਂ ਮਨੁੱਖ ਨੂੰ ਕੁਦਰਤ ਦੇ ਬਣਾਏ ਹੋਏ ਨਿਯਮਾਂ ਅਨੁਸਾਰ ਚੱਲਣ ਲਈ ਕਹਿੰਦੀ ਹੈ ਤਾਂਕਿ ਹਰੇਕ ਇਨਸਾਨ, ਫਿਰ ਭਾਵੇਂ ਉਹ ਧਾਰਮਿਕ ਹੋਵੇ ਜਾਂ ਗੈਰ ਧਾਰਮਿਕ, ਵਿਗਿਆਨੀ ਹੋਵੇ ਜਾਂ ਇੱਕ ਸਧਾਰਨ ਵਿਅਕਤੀ, ਸਮਾਜ ਦੇ ਭਲੇ ਲਈ ਆਪਣਾ ਯੋਗਦਾਨ ਪਾ ਸਕੇ, ਲੋਕਾਂ ਨੂੰ ਚੰਗੀ ਸੇਧ ਦੇ ਸਕੇ। ਸਗੋਂ ਵਿਗਿਆਨ ਤਾਂ ਇਸ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਬਜਾਏ ਇਸਦੇ ਕਿ ਇਹ ਗਿਆਨ, ਧਨ ਤੇ ਹੋਰ ਵਸੀਲੇ ਸਮੂਹਿਕ ਤਬਾਹੀ ਦੇ ਹਥਿਆਰਾਂ, ‘ਗਾਡ-ਪਾਰਟੀਕਲ’, ‘ਬਲੈਕ ਹੋਲ’ ਵਰਗੀਆਂ ਖੋਜਾਂ ਅਤੇ ਹੋਰ ਅਜਿਹੇ ਅਨੇਕਾਂ ਕੰਮਾਂ ’ਤੇ ਲੱਗਣ, ਉਹ ਖੋਜ ਕਰਨ ਕਿ ਮਨੁੱਖ ਵਿੱਚ ਰਚਨਾਤਮਕ ਵਿਚਾਰ ਕਿਸ ਤਰ੍ਹਾਂ ਪੈਦਾ ਕੀਤੇ ਜਾ ਸਕਦੇ ਹਨ ਅਤੇ ਉਸ ਦੀ ਸੋਚ ਨੂੰ ਸਦਾ ਲਈ ਸਕਾਰਾਤਮਕ ਕਿਵੇਂ ਕੀਤਾ ਜਾ ਸਕਦਾ ਹੈ ਤਾਂ ਕਿ ਸਮਾਜ ਵਿਚ ਫੈਲੀਆਂ ਹੋਈਆਂ ਬੁਰਾਈਆਂ ਨੂੰ ਸਦਾ ਸਦਾ ਲਈ ਖਤਮ ਕੀਤਾ ਜਾ ਸਕੇ।

Punjabi Tribune - 26.04.2019 

Saturday, April 6, 2019

ਜੀਵਨੀ ਸ਼ਕਤੀ (Vital Force)

ਨੁੱਖੀ ਸਰੀਰ ਦੀ ਰਚਨਾ ਪੰਜ ਤੱਤਾਂ — ਆਕਾਸ਼ (Ether), ਵਾਯੂ (Air), ਅਗਨੀ (Fire), ਜਲ (Water) ਅਤੇ ਪ੍ਰਿਥਵੀ (Earth) — ਨਾਲ ਮਿਲ ਕੇ ਹੋਈ ਹੈ। ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ॥ ਤਿਨ ਮਹਿ ਪੰਚ ਤਤੁ ਘਰਿ ਵਾਸਾ॥ ਭੋਜਨ ਦੇ ਰੂਪ ਵਿਚ ਇਹੀ ਤੱਤ ਸਰੀਰ ਦਾ ਨਿਰਮਾਣ ਕਰਦੇ ਹਨ ਅਤੇ ਕੋਸ਼ਿਕਾਵਾਂ ਵਿਚ ਹੋਣ ਵਾਲੀ ਹਰ ਰੋਜ਼ ਦੀ ਟੁੱਟ-ਫੁੱਟ ਦੀ ਮੁਰਮੰਤ ਵਿਚ ਸਹਾਈ ਹੁੰਦੇ ਹਨ। ਵਾਯੂ, ਅਗਨੀ, ਜਲ ਅਤੇ ਪ੍ਰਿਥਵੀ ਤੱਤ ਇਸ ਪ੍ਰਕਿਰਿਆ ਵਿਚ ਪ੍ਰਤੱਖ ਰੂਪ ਵਿਚ ਯੋਗਦਾਨ ਪਾਉਂਦੇ ਹਨ ਜਦਕਿ ਆਕਾਸ਼ ਤੱਤ, ਬਾਕੀ ਚਾਰਾਂ ਨੂੰ ਗਤੀ ਦਿੰਦਾ ਹੈ ਅਤੇ ਉਨ੍ਹਾਂ ਨੂੰ ਪ੍ਰਭਾਵਕਾਰੀ ਰੂਪ ਵਿਚ ਕਾਰਜ ਕਰਨ ਵਿਚ ਸਹਾਈ ਹੁੰਦਾ ਹੈ। ਸਿਹਤਮੰਦ ਰਹਿਣ ਲਈ ਲਾਜ਼ਮੀ ਹੈ ਕਿ ਇਹ ਪੰਜੋਂ ਤੱਤ ਸਰੀਰ ਨੂੰ ਯੋਗ ਮਾਤਰਾ ਵਿਚ ਨਿਯਮਿਤ ਤੌਰ ’ਤੇ ਮਿਲਦੇ ਰਹਿਣ।

ਆਧੁਨਿਕ ਚਿਕਿਤਸਾ ਵਿਗਿਆਨ ਇਹ ਮੰਨਦਾ ਹੈ ਕਿ ਭੋਜਨ ਸਰੀਰ ਦਾ ਨਿਰਮਾਣ ਵੀ ਕਰਦਾ ਹੈ ਅਤੇ ਉਸ ਨੂੰ ਊਰਜਾ ਵੀ ਦਿੰਦਾ ਹੈ; ਜਦਕਿ ਨੇਚਰੋਪੈਥੀ ਅਨੁਸਾਰ ਊਰਜਾ ਦਾ ਸ੍ਰੋਤ ਭੋਜਨ ਨਹੀਂ ਬਲਕਿ ਉਹ ਪਰਮੇਸ਼ਵਰ ਹੈ ਜਿਹੜਾ ਸੰਸਾਰ ਦੇ ਕਣ ਕਣ ਵਿਚ ਮੌਜੂਦ ਹੈ। ਜੀਅ ਪ੍ਰਾਨ ਕੀਏ ਜਿਨਿ ਸਾਜਿ ॥ ਮਾਟੀ ਮਹਿ ਜੋਤਿ ਰਖੀ ਨਿਵਾਜਿ॥ ਇਹ ਊਰਜਾ ਅਦਿੱਖ ਰੂਪ ਵਿਚ ਜਨਮ ਤੋਂ ਹੀ ਸਾਡੇ ਅੰਦਰ ਮੌਜੂਦ ਹੁੰਦੀ ਹੈ ਅਤੇ ਸਾਨੂੰ ਸਜੀਵਤਾ ਬਖ਼ਸ਼ਦੀ ਹੈ। ਇਸ ਊਰਜਾ ਨੂੰ ਹੀ ਜੀਵਨੀ ਸ਼ਕਤੀ (Vital Force), ਜਾਂ ਪ੍ਰਾਣ ਸ਼ਕਤੀ ਕਿਹਾ ਜਾਂਦਾ ਹੈ। ਇਸ ਸ਼ਕਤੀ ਦੇ ਰਹਿੰਦਿਆਂ ਹੀ ਸਾਨੂੰ ਜੀਵਨ ਦਾ ਬੋਧ ਹੁੰਦਾ ਹੈ ਅਤੇ ਸਰੀਰ, ਇੰਦਰੀਆਂ, ਮਨ, ਬੁੱਧੀ ਤੇ ਹਉਮੈ ਆਪਣਾ ਕਾਰਜ ਕਰਨ ਵਿਚ ਸਮਰੱਥ ਹੁੰਦੇ ਹਨ।

ਜੀਵਨੀ ਸ਼ਕਤੀ ਕੋਈ ਭੌਤਿਕ ਪਦਾਰਥ ਨਹੀਂ ਹੈ, ਜਿਸ ਨੂੰ ਭੋਜਨ ਜਾਂ ਦੁਆਈਆਂ ਨਾਲ ਵਧਾਇਆ ਜਾ ਸਕੇ। ਦੁੱਧ ਦੇਣ ਵਾਲੇ ਜਾਨਵਰ ਸਿਰਫ ਚਾਰਾ ਖਾ ਕੇ ਸਾਰਾ ਦਿਨ ਸਰੀਰਕ ਕਾਰਜ ਕਰਦੇ ਹਨ ਅਤੇ ਕਈ ਲਿਟਰ ਦੁੱਧ ਦਿੰਦੇ ਹਨ। ਕੀ ਇਸ ਦਾ ਕਾਰਨ ਉਹ ਚਾਰਾ ਹੈ ਜਿਸ ਵਿਚ ਨਾ ਦੇ ਬਰਾਬਰ ਕੈਲਰੀ ਸੀ? ਛੋਟਾ ਬਾਲਕ ਸਾਰਾ ਦਿਨ ਭੱਜਿਆ ਫਿਰਦਾ ਹੈ, ਖੇਡਦਾ ਹੈ, ਸ਼ਰਾਰਤਾਂ ਕਰਦਾ ਹੈ, ਜਦਕਿ ਉਸ ਦੁਆਰਾ ਗ੍ਰਹਿਣ ਕੀਤੇ ਭੋਜਨ ਵਿਚ ਕੈਲਰੀਆਂ ਦੀ ਮਾਤਰਾ ਖ਼ਰਚ ਕੀਤੀ ਊਰਜਾ ਨਾਲੋਂ ਕਿਤੇ ਘੱਟ ਹੁੰਦੀ ਹੈ। ਇਹ ਊਰਜਾ ਉਸ ਨੂੰ ਕਿਥੋਂ  ਮਿਲਦੀ ਹੈ? ਬੇਸ਼ੱਕ ਜੀਵਨੀ ਸ਼ਕਤੀ ਤੋਂ। ਜੀਵਨੀ ਸ਼ਕਤੀ ਸਰੀਰ ਦੇ ਅੰਦਰ ਮੌਜੂਦ ਚੇਤਨਾ ਹੈ ਜਿਸ ਦੇ ਵਧਦਿਆਂ ਹੀ ਰੋਗ ਸਰੀਰ ਤੋਂ ਦੂਰ ਭੱਜਣ ਲਗਦੇ ਹਨ।

ਸਰੀਰ ਦੇ ਅੰਗਾਂ ਜਿਵੇਂ ਦਿਲ, ਗੁਰਦੇ, ਜਿਗਰ, ਦਿਮਾਗ, ਫੇਫੜੇ ਆਦਿ ਦੇ ਸੰਚਾਲਨ ਲਈ ਊਰਜਾ ਦੀ ਲੋੜ ਹੁੰਦੀ ਹੈ। ਸਾਰੇ ਅੰਗ ਮਿਲ ਕੇ ਪਾਚਨ ਸਹਿਤ ਸਰੀਰ ਦੇ ਦੂਜੇ ਕੰਮਾਂ ਨੂੰ ਸੰਚਾਲਿਤ ਕਰਦੇ ਹਨ। ਜੇਕਰ ਇਹ ਸ਼ਕਤੀ ਭੋਜਨ ਦੇ ਪਾਚਨ ਤੋਂ ਮਿਲਦੀ ਹੁੰਦੀ ਤਾਂ ਥਰਮੋਡਾਇਨਾਮਿਕਸ ਦੇ ਨਿਯਮ ਅਨੁਸਾਰ ਇਹ ਅਸੰਭਵ ਹੈ। ਜੀਵਨੀ ਸ਼ਕਤੀ ਦੀ ਖਪਤ ਮਨੁੱਖ ਦੇ ਹਰ ਤਰ੍ਹਾਂ ਦੇ ਕਾਰਜ ਵਿਚ ਹੁੰਦੀ ਹੈ। ਬਿਨਾ ਜੀਵਨੀ ਸ਼ਕਤੀ ਖ਼ਰਚ ਕੀਤਿਆਂ ਮਨੁੱਖ ਨਾ ਤਾਂ ਜਿਉਂਦਾ ਰਹਿ ਸਕਦਾ ਹੈ ਅਤੇ ਨਾ ਹੀ ਕੋਈ ਕਾਰਜ ਕਰ ਸਕਦਾ ਹੈ। ਜੇਕਰ ਇਸ ਦੀ ਖਪਤ ਸੰਤੁਲਿਤ ਢੰਗ ਨਾਲ ਹੁੰਦੀ ਰਹੇ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਪਰ ਅਸੰਤੁਲਿਤ ਢੰਗ ਨਾਲ ਕੀਤੀ ਵਰਤੋਂ ਜੀਵਨ ਦੇ ਵਿਕਾਸ ਨੂੰ ਰੋਕ ਦਿੰਦੀ ਹੈ।

ਜੀਵਨੀ ਸ਼ਕਤੀ ਦੀ ਖਪਤ ਸਥੂਲ ਨਾਲੋਂ ਸੂਖਮ ਪੱਧਰ ’ਤੇ ਵੱਧ ਹੁੰਦੀ ਹੈ। ਸਰੀਰ ਦੇ ਪੱਧਰ ’ਤੇ ਇਸ ਦੀ ਖਪਤ ਭੋਜਨ ਨੂੰ ਪਚਾਉਣ, ਮਲ ਦੀ ਨਿਕਾਸੀ ਅਤੇ ਦੂਜੀਆਂ ਸਰੀਰਕ ਕਿਰਿਆਵਾਂ ਕਾਰਣ ਹੁੰਦੀ ਹੈ। ਇੰਦਰੀਆਂ ਦੇ ਪੱਧਰ ’ਤੇ ਸਭ ਤੋਂ ਵੱਧ ਖਪਤ ਭੋਗ ਵਿਲਾਸ ’ਤੇ ਹੁੰਦੀ ਹੈ। ਇਸ ਤੋਂ ਇਲਾਵਾ ਅੱਖਾਂ ਨਾਲ ਦੇਖਣ, ਕੰਨਾਂ ਨਾਲ ਸੁਣਨ, ਮੂੰਹ ਤੋਂ ਬੋਲਣ, ਨੱਕ ਨਾਲ ਸੁੰਘਣ ਆਦਿ ਸਭ ਵਿਚ ਇਸ ਦੀ ਖਪਤ ਹੁੰਦੀ ਹੈ। ਕੇਵਲ ਮੂੰਹ ਰਾਹੀਂ ਕਿਸੇ ਵਸਤੂ ਨੂੰ ਗ੍ਰਹਿਣ ਕਰਨਾ ਹੀ ਆਹਾਰ ਨਹੀਂ, ਬਲਕਿ ਜੋ ਕੁਝ ਵੀ ਅਸੀਂ ਇੰਦਰੀਆਂ ਰਾਹੀਂ ਗ੍ਰਹਿਣ ਕਰਦੇ ਹਾਂ, ਉਹ ਆਹਾਰ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਅੱਖਾਂ ਨਾਲ ਚੰਗਾ ਦੇਖੋ, ਕੰਨਾਂ ਤੋਂ ਚੰਗਾ ਸੁਣੋ ਅਤੇ ਹਰੇਕ ਇੰਦਰੀ ਦੁਆਰਾ ਕੇਵਲ ਸਾਤਵਿਕ ਆਹਾਰ ਹੀ ਕਰੋ। ਮਨ ਦੇ ਪੱਧਰ ’ਤੇ ਇਸ ਦੀ ਖਪਤ ਚਿੰਤਾ, ਨਫ਼ਰਤ, ਸੁਆਰਥ, ਈਰਖਾ ਆਦਿ ਦੁਆਰਾ ਹੁੰਦੀ ਹੈ। ਬੁੱਧੀ ਦੇ ਪੱਧਰ ’ਤੇ ਡਰ, ਗੁੱਸਾ ਜਾਂ ਅਪਮਾਨ ਦੁਆਰਾ ਅਤੇ ਹਉਮੈ ਦੇ ਪੱਧਰ ’ਤੇ ਵਿਯੋਗ ਦੇ ਦਰਦ ਦੁਆਰਾ ਜੀਵਨੀ ਸ਼ਕਤੀ ਦੀ ਖਪਤ ਹੁੰਦੀ ਹੈ।


ਜੀਵਨੀ ਸ਼ਕਤੀ ਦਾ ਜਾਗਰਨ
ਜਿਉਂਦੇ ਰਹਿਣ ਲਈ ਭੋਜਨ ਅਤੇ ਨੀਂਦ ਦੋਹਾਂ ਦੀ ਜ਼ਰੂਰਤ ਹੈ। ਜੇਕਰ ਅਸੀਂ ਸਿਰਫ ਕੰਮ ਕਰਦੇ ਰਹਾਂਗੇ ਅਤੇ ਨੀਂਦ ਨਹੀਂ ਲਵਾਂਗੇ ਤਾਂ ਸਰੀਰ ਅਤੇ ਦਿਮਾਗ ਦੋਨੋਂ ਅਯੋਗ ਹੋ ਜਾਣਗੇ। ਨੀਂਦ ਨਾਲ ਅੰਗ ਅੰਗ ਨੂੰ ਪੂਰਨ ਆਰਾਮ ਮਿਲਦਾ ਹੈ ਅਤੇ ਜਾਗਦੀ ਅਵਸਥਾ ਦੌਰਾਨ ਖ਼ਰਚ ਕੀਤੀ ਜੀਵਨੀ ਸ਼ਕਤੀ ਮੁੜ ਤੋਂ ਪ੍ਰਾਪਤ ਹੁੰਦੀ ਹੈ। ਕਿਸਾਨ ਮੂੰਹ-ਹਨੇਰੇ ਤਿੰਨ-ਚਾਰ ਵਜੇ ਖੇਤਾਂ ਵਿਚ ਚਲਾ ਜਾਂਦਾ ਹੈ, ਹੱਡ-ਤੋੜਵੀਂ ਮਿਹਨਤ ਕਰਦਾ ਹੈ। 8-9 ਵਜੇ ਹਲਕਾ ਨਾਸ਼ਤਾ ਕਰਕੇ ਫਿਰ ਕੰਮ ਲੱਗ ਜਾਂਦਾ ਹੈ ਅਤੇ 1-2 ਵਜੇ ਤੱਕ ਕੰਮ ਕਰਨ ਤੋਂ ਬਾਅਦ ਹੀ ਪੂਰਨ ਭੋਜਨ ਕਰਦਾ ਹੈ। ਇਸ ਸਾਰੇ ਕੰਮ ਲਈ ਉਸ ਨੂੰ ਊਰਜਾ ਕਿਥੋਂ ਮਿਲਦੀ ਹੈ? ਬੇਸ਼ੱਕ ਨੀਂਦ ਤੋਂ। ਭੋਜਨ ਤੋਂ ਬਾਅਦ ਆਰਾਮ ਦੀ ਵੀ ਓਨੀ ਹੀ ਮਹੱਤਤਾ ਹੈ। ਭੋਜਨ ਤੋਂ ਬਾਅਦ ਜੇਕਰ ਅਸੀਂ ਕੋਈ ਸਰੀਰਕ ਕਿਰਿਆ ਕਰਦੇ ਹਾਂ ਤਾਂ ਜੀਵਨੀ ਸ਼ਕਤੀ ਨੂੰ ਦੋ ਕੰਮ ਕਰਨੇ ਪੈਂਦੇ ਹਨ: ਭੋਜਨ ਪਚਾਉਣਾ ਅਤੇ ਕਾਰਜ ਕਰਨਾ। ਜੇਕਰ ਉਸ ਸਮੇਂ ਅਸੀਂ ਬਾਹਰੀ ਕਾਰਜ ਰੋਕ ਕੇ ਆਰਾਮ ਕਰਾਂਗੇ ਤਾਂ ਜੀਵਨੀ ਸ਼ਕਤੀ ਭੋਜਨ ਨੂੰ ਚੰਗੀ ਤਰ੍ਹਾਂ ਪਚਾਵੇਗੀ। ਇਸ ਲਈ ਭੋਜਨ ਮਿਹਨਤ ਕਰਨ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ। ਪਹਿਲਵਾਨ ਵੀ ਕੁਸ਼ਤੀ ਲੜਨ ਤੋਂ ਬਾਅਦ ਹੀ ਖਾਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਭੋਜਨ ਕਰਨ ਤੋਂ ਬਾਅਦ ਲੜਾਂਗਾ ਤਾਂ ਹਾਰ ਜਾਵਾਂਗਾ।

ਲੋੜ ਤੋਂ ਵੱਧ ਇੱਛਾਵਾਂ, ਝੂਠ, ਲਾਲਚ, ਈਰਖਾ, ਨਫ਼ਰਤ, ਨਿਰਾਸ਼ਾ, ਨਿੰਦਾ, ਸੁਆਰਥ ਆਦਿ ਜੀਵਨੀ ਸ਼ਕਤੀ ’ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਮਾਨਸਿਕ ਦੋਸ਼ਾਂ ਕਾਰਨ ਸਰੀਰ ਵਿਚ ਸੁਭਾਵਿਕ ਤੌਰ ’ਤੇ ਬਣਨ ਵਾਲੇ ਰਸ ਜ਼ਹਿਰੀਲੇ ਹੋ ਜਾਂਦੇ ਹਨ ਅਤੇ ਇਸ ਨੂੰ ਹਾਨੀ ਪਹੁਚਾਉਂਦੇ ਹਨ। ਰਚਨਾਤਮਕ ਵਿਚਾਰਾਂ ਜਿਵੇਂ ਮੁਆਫ਼ੀ, ਸੱਚ, ਪ੍ਰੇਮ, ਦੋਸਤੀ, ਸੇਵਾ, ਸ਼ਾਂਤੀ, ਤਿਆਗ, ਭਲਾਈ, ਗਲਤੀ ਸਵੀਕਾਰਨਾ, ਮੁਆਫ਼ੀ ਮੰਗਣਾ ਆਦਿ ਨਾਲ ਸਰੀਰ ਵਿਚ ਅੰਮ੍ਰਿਤ ਦਾ ਸੰਚਾਰ ਹੁੰਦਾ ਹੈ, ਜੀਵਨੀ ਸ਼ਕਤੀ ਜਾਗ੍ਰਿਤ ਹੁੰਦੀ ਹੈ ਅਤੇ ਸਰੀਰ ਰੋਗ-ਰਹਿਤ ਬਣਦਾ ਹੈ।

ਗੁੱਸਾ ਅਤੇ ਡਰ ਵੀ ਜੀਵਨੀ ਸ਼ਕਤੀ ’ਤੇ ਨਕਾਰਾਤਮਕ ਅਸਰ ਪਾਉਂਦੇ ਹਨ। ਗੁੱਸੇ ਅਤੇ ਡਰ ਦੀ ਹਾਲਤ ਵਿਚ ਬੰਦਾ ਸੁੱਧ-ਬੁੱਧ ਗੁਆ ਬੈਠਦਾ ਹੈ ਜਿਸ ਨਾਲ ਉਸ ਦਾ ਸਾਹ ਅਤੇ ਖੂਨ ਜ਼ਹਿਰੀਲੇ ਹੋ ਜਾਂਦੇ ਹਨ। ਜ਼ਿਆਦਾ ਗੁੱਸੇ ਜਾਂ ਡਰ ਦੀ ਹਾਲਤ ਵਿਚ ਬੰਦੇ ਦੀ ਜੀਵਨੀ ਸ਼ਕਤੀ ਦਾ ਭੰਡਾਰ ਖਤਮ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਸਕਦੀ ਹੈ। ਜਿਵੇਂ ਜਿਵੇਂ ਬੰਦੇ ਅੰਦਰੋਂ ਹੰਕਾਰ ਘਟਦਾ ਜਾਵੇਗਾ, ਗੁੱਸਾ, ਮਾਨ-ਅਪਮਾਨ ਦੀ ਭਾਵਨਾ ਤੇ ਡਰ ਖਤਮ ਹੁੰਦੇ ਜਾਣਗੇ ਅਤੇ ਜੀਵਨੀ ਸ਼ਕਤੀ ਜਾਗ੍ਰਿਤ ਹੋਣ ਲੱਗ ਜਾਵੇਗੀ।

ਜੀਵਨੀ ਸ਼ਕਤੀ ’ਤੇ ਸਭ ਤੋਂ ਵੱਧ ਅਸਰ ਵਿਯੋਗ ਦੇ ਦਰਦ ਦਾ ਹੁੰਦਾ ਹੈ। ਵਿਛੋੜੇ ਦਾ ਇਹ ਦੁੱਖ ਕਈ ਵਾਰ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਜੀਵਨੀ  ਸ਼ਕਤੀ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ  ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ। ਮਾਤਾ-ਪਿਤਾ, ਬੱਚਿਆਂ, ਆਦਿ ਨਾਲ ਸਬੰਧ ਨਿਰਸੁਆਰਥ ਢੰਗ ਨਾਲ, ਕਰਤੱਵ ਸਮਝ ਕੇ, ਨਿਭਾਓ। ਨਿਰਲੇਪ ਭਾਵਨਾ ਨਾਲ ਰੱਖੇ ਸਬੰਧਾਂ ਵਿਚ ਵਿਛੋੜੇ ਦਾ ਦਰਦ ਘਟ ਜਾਂਦਾ ਹੈ। ਕਰਤੱਵ ਦੀ ਭਾਵਨਾ ਵਾਲੇ ਸਬੰਧ ਸੰਸਾਰ ਨਾਲ ਅਤੇ ਆਪਣੇਪਣ ਵਾਲੇ ਸਬੰਧ ਈਸ਼ਵਰ ਨਾਲ ਰੱਖਣ ’ਤੇ ਹੀ ਵਿਯੋਗ ਦੇ ਦੁੱਖ ਤੋਂ ਮੁਕਤੀ ਮਿਲਦੀ ਹੈ ਅਤੇ ਜੀਵਨੀ ਸ਼ਕਤੀ ਜਾਗ੍ਰਿਤ ਹੁੰਦੀ ਹੈ। (ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ॥)

ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਜੀਵਨੀ  ਸ਼ਕਤੀ ਨੂੰ ਬੇਕਾਰ ਵਿਚ ਖ਼ਰਚ ਹੋਣ ਤੋਂ ਬਚਾ ਸਕਦੇ ਹਾਂ, ਸੁੱਤੀ ਹੋਈ ਜੀਵਨੀ ਸ਼ਕਤੀ ਨੂੰ ਜਾਗ੍ਰਿਤ ਕਰ ਸਕਦੇ ਹਾਂ ਅਤੇ ਰੋਗਾਂ ਤੋਂ ਬਚ ਕੇ ਹਮੇਸ਼ਾ ਸਿਹਤਮੰਦ ਰਹਿ ਸਕਦੇ ਹਾਂ।



ਚੜ੍ਹਦੀ ਕਲਾ ਵਿਚ ਰਹਿਣ ਦੇ ਪੰਜ ਸੂਤਰ

  1. ਭੋਜਨ ਰਿਸ਼ੀ ਚਰਕ ਦੇ ਸਿਧਾਂਤ ਹਿਤ ਭੁਕ, ਰਿਤ ਭੁਕ, ਮਿਤ ਭੁਕ ਅਨੁਸਾਰ ਕਰੋ; ਭਾਵ ਹਿਤਕਾਰੀ, ਸਿਹਤ ਲਈ ਚੰਗਾ, ਰੁੱਤ ਅਨੁਸਾਰ ਅਤੇ ਭੁੱਖ ਨਾਲੋਂ ਘੱਟ ਭੋਜਨ ਕੀਤਾ ਜਾਵੇ।
  2. Avoid hurries, worries and curries (ਜਲਦਬਾਜ਼ੀ, ਚਿੰਤਾ ਅਤੇ ਤਲੇ/ਮਸਾਲੇਦਾਰ ਭੋਜਨ ਤੋਂ ਬਚੋ) ਦਾ ਸਿਧਾਂਤ ਅਪਣਾਓ।
  3. ਪੰਚ ਮਨਾਏ ਪੰਚ ਰੁਸਾਏ॥ ਪੰਚ ਵਸਾਏ ਪੰਚ ਗਵਾਏ।। ਅਨੁਸਾਰ ਪੰਜ ਸ਼ੁਭ ਗੁਣਾਂ ਸਤ, ਸੰਤੋਖ, ਦਇਆ, ਧਰਮ, ਸੰਜਮ ਨੂੰ ਆਪਣੇ ਅੰਦਰ ਵਸਾਓ ਅਤੇ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨੂੰ ਬਾਹਰ ਸੁੱਟੋ।
  4. ਖਿਮਾ ਕਰਨਾ ਸਿੱਖੋ। ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ਮਹਾਤਮਾ ਗਾਂਧੀ ਦੇ ਕਥਨ ਕਮਜ਼ੋਰ ਕਦੇ ਮੁਆਫ਼ ਨਹੀਂ ਕਰ ਸਕਦਾ, ਮੁਆਫ਼ ਕਰਨਾ ਬਲਵਾਨਾਂ ਦਾ ਗੁਣ ਹੈਉੱਤੇ ਅਮਲ ਕਰੋ।
  5. ਹਮੇਸ਼ਾ ਆਨੰਦ ਵਿਚ ਰਹੋ। ਸਵਾਮੀ ਵਿਵੇਕਾਨੰਦ ਨੇ ਕਿਹਾ ਹੈ- ਪ੍ਰਸੰਨਤਾ ਅਨਮੋਲ ਖਜ਼ਾਨਾ ਹੈ। ਇਸ ਨੂੰ ਛੋਟੀਆਂ ਛੋਟੀਆਂ ਗੱਲਾਂ ਤੇ ਲੁੱਟਣ ਨਾ ਦਿਓ। ਕਾਮਨਾਵਾਂ ਸਮੁੰਦਰ ਵਾਂਗ ਅਤ੍ਰਿਪਤ ਹਨ। ਪੂਰਤੀ ਦੀ ਕੋਸ਼ਿਸ਼ ਕਰਨ ਨਾਲ ਉਨ੍ਹਾਂ ਵਿਚ ਹਲਚਲ ਹੋਰ ਵਧ ਜਾਂਦੀ ਹੈ।


ਪੰਜ ਤੱਤਾਂ ਦੇ ਮੁੱਖ ਸ੍ਰੋਤ
  • ਪ੍ਰਿਥਵੀ: ਸਥੂਲ ਰੂਪ ਵਿੱਚ ਅਨਾਜ ਤੋਂ; ਸੂਖਮ ਰੂਪ ਵਿੱਚ ਧਰਤੀ ਤੇ ਨੰਗੇ ਪੈਰੀਂ ਚੱਲਣ ਨਾਲ ਜਾਂ ਫੁੱਲਾਂ ਤੋਂ ਖੁਸ਼ਬੂ ਦੇ ਰੂਪ ਵਿੱਚ
  • ਜਲ: ਸਥੂਲ ਰੂਪ ਵਿੱਚ ਵੇਲਾਂ ਤੇ ਲੱਗੇ ਫਲਾਂ ਜਾਂ ਸਬਜ਼ੀਆਂ ਤੋਂ; ਸੂਖਮ ਰੂਪ ਵਿੱਚ ਪਾਣੀ ਪੀਣ ਨਾਲ
  • ਅਗਨੀ: ਸਥੂਲ ਰੂਪ ਵਿੱਚ ਦਰੱਖ਼ਤਾਂ ਤੇ ਲੱਗੇ ਪੱਕੇ ਫਲਾਂ ਤੋਂ; ਸੂਖਮ ਰੂਪ ਵਿੱਚ ਧੁੱਪ ਤੋਂ
  • ਵਾਯੂ: ਸਥੂਲ ਰੂਪ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਤੋਂ; ਸੂਖਮ ਰੂਪ ਵਿੱਚ ਸਿੱਧਾ ਹਵਾ ਤੋਂ
  • ਆਕਾਸ਼: ਪੇਟ ਨੂੰ ਖਾਲੀ ਰੱਖ ਕੇ; ਪੇਟ ਵਿੱਚ ਖਾਲੀ ਥਾਂ ਹੋਣ ਤੇ ਹੀ ਖਾਧੇ ਹੋਏ ਪਦਾਰਥ ਨੂੰ ਗਤੀ ਮਿਲੇਗੀ ਅਤੇ ਉਹ ਪਚੇਗਾ
  Punjabi Tribune - 05.04.2019