ਨੇਚਰੋਪੈਥੀ ਇਲਾਜ ਦੀ ਉਹ ਪ੍ਰਣਾਲੀ ਹੈ ਜਿਸ ਵਿਚ ਕੁਦਰਤ ਦੇ ਪੰਜ ਤੱਤਾਂ - ਭੂਮੀ, ਆਕਾਸ਼, ਜਲ, ਅਗਨੀ ਅਤੇ ਵਾਯੂ ਦੀ ਵਰਤੋਂ ਬਿਮਾਰੀਆਂ ਦਾ ਇਲਾਜ ਕਰਨ ਅਤੇ ਮਨੁੱਖ ਨੂੰ ਸਰੀਰਕ, ਮਾਨਸਿਕ ਅਤੇ ਆਤਮਿਕ ਪੱਖੋਂ ਤੰਦਰੁਸਤ ਬਣਾਉਣ ਲਈ ਕੀਤੀ ਜਾਂਦੀ ਹੈ। ਨੇਚਰੋਪੈਥੀ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿਚ ਬਦਲਾਅ ਲਿਆ ਕੇ ਤੰਦਰੁਸਤ ਜੀਵਨ ਜਿਓਣ ਦੀ ਕਲਾ ਸਿਖਾਉਣੀ ਹੈ।
Saturday, February 13, 2021
ਇਸ਼ਨਾਨ ਅਤੇ ਅਰੋਗਤਾ (Bath and Healthy Body)
ਤੰਦਰੁਸਤ ਸਰੀਰ ਲਈ ਜਿੰਨੀ ਲੋੜ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੀ ਹੈ, ਓਨੀ ਹੀ ਇਸ ਦੀ ਸਾਫ-ਸਫਾਈ ਦੀ ਵੀ ਹੈ। ਸਰੀਰ ਨੂੰ ਸਾਫ-ਸੁਥਰਾ ਅਤੇ ਤਰੋ-ਤਾਜ਼ਾ ਰੱਖਣ ਵਿੱਚ ਇਸ਼ਨਾਨ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਸ਼ਨਾਨ ਦੁਆਰਾ ਅਸੀਂ ਸਰੀਰ ਉੱਤੇ ਚਿਪਕੀ ਹੋਈ ਮੈਲ ਜਾਂ ਮਿੱਟੀ ਨੂੰ ਦੂਰ ਕਰਕੇ ਇਸ ਨੂੰ ਰੋਗਾਣੂ-ਮੁਕਤ ਬਣਾ ਸਕਦੇ ਹਾਂ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਇਸ਼ਨਾਨ ਨੂੰ ਬਹੁਤ ਉੱਚਾ ਦਰਜ਼ਾ ਦਿੱਤਾ ਗਿਆ ਹੈ। ਜਿਵੇਂ ਕਿ ਗੁਰਬਾਣੀ ਵਿੱਚ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ਭਾਵ ਇਸ਼ਨਾਨ ਕਰਕੇ ਅਤੇ ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ। ਇਸੇ ਤਰ੍ਹਾਂ ਚਰਕ ਰਿਸ਼ੀ ਨੇ ਵੀ ਸਨਾਨਮ ਪਵਿਤਰਮ ਵਰਿਸ਼ਯਮ ਆਯੁਸ਼ਯਮ ਸ਼੍ਰਮ ਸਵੇਮਲਾਪਹਮ ਸ਼ਰੀਰਬਲਸੰਧਾਨਮ ਪਰਮ ਓਜਸਕ੍ਰਮ ਸ਼ਲੋਕ ਦੁਆਰਾ ਸਮਝਾਇਆ ਹੈ ਕਿ ਇਸ਼ਨਾਨ ਸਰੀਰ ਨੂੰ ਪਵਿੱਤਰ ਕਰਦਾ ਹੈ, ਉਮਰ ਨੂੰ ਵਧਾਉਂਦਾ ਹੈ, ਸਰੀਰ ਦੀ ਥਕਾਵਟ, ਪਸੀਨਾ, ਮਿੱਟੀ ਨੂੰ ਦੂਰ ਕਰਦਾ ਹੈ, ਬਲ ਅਤੇ ਦਲੇਰੀ ਨੂੰ ਵਧਾਉਂਦਾ ਹੈ।
ਨੇਚਰੋਪੈਥੀ ਵਿੱਚ ਸਰੀਰ ਨੂੰ ਨਿਰੋਗੀ ਰੱਖਣ ਲਈ ਕਈ ਪ੍ਰਕਾਰ ਦੇ ਇਸ਼ਨਾਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਕੁਝ ਇਸ਼ਨਾਨ ਅਤੇ ਉਨ੍ਹਾਂ ਤੋਂ ਹੋਣ ਵਾਲੇ ਲਾਭਾਂ ਦਾ ਹੇਠਾਂ ਵਰਣਨ ਕੀਤਾ ਗਿਆ ਹੈ:
ਸਾਧਾਰਨ ਇਸ਼ਨਾਨ: ਰੋਜ਼ਾਨਾ, ਤਾਜ਼ੇ-ਠੰਢੇ ਪਾਣੀ ਨਾਲ ਕੀਤੇ ਜਾਣ ਵਾਲੇ ਇਸ਼ਨਾਨ ਨੂੰ ਸਾਧਾਰਨ ਇਸ਼ਨਾਨ ਕਿਹਾ ਜਾਂਦਾ ਹੈ। ਠੰਢਾ ਪਾਣੀ ਸਰੀਰ ਵਿੱਚ ਲਹੂ ਦੇ ਸੰਚਾਰ ਨੂੰ ਦਰੁਸਤ ਕਰਦਾ ਹੈ, ਆਲਸ ਦੂਰ ਕਰਦਾ ਹੈ, ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਚਮੜੀ ਅਤੇ ਵਾਲਾਂ ਨੂੰ ਨਿਖਾਰਦਾ ਹੈ ਅਤੇ ਤਣਾਅ ਨੂੰ ਦੂਰ ਕਰਦਾ ਹੈ ਪਰ ਜੇਕਰ ਬਹੁਤ ਜ਼ਿਆਦਾ ਠੰਢ ਹੈ, ਵਿਅਕਤੀ ਬਿਮਾਰ ਜਾਂ ਕਮਜ਼ੋਰ ਹੈ, ਤਾਂ ਪਾਣੀ ਦੀ ਠਾਰ ਭੰਨ੍ਹੀ ਜਾ ਸਕਦੀ ਹੈ। ਸਾਧਾਰਨ ਇਸ਼ਨਾਨ ਲਈ ਸਾਬਣ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਵਿੱਚ ਮੌਜੂਦ ਰਸਾਇਣ ਚਮੜੀ ਨੂੰ ਖੁਸ਼ਕ ਕਰਦੇ ਹਨ ਅਤੇ ਨੁਕਸਾਨ ਪਹੁੰਚਾਉਂਦੇ ਹਨ। ਸਾਬਣ ਦੀ ਥਾਂ ਵੇਸਣ, ਦਹੀਂ, ਲੱਸੀ, ਮੁਲਾਇਮ ਭਿੱਜੀ ਹੋਈ ਜਾਂ ਮੁਲਤਾਨੀ ਮਿੱਟੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਖੁਸ਼ਕ ਰਗੜ ਇਸ਼ਨਾਨ: ਖੁਰਦਰੇ ਤੌਲੀਏ ਜਾਂ ਹੱਥਾਂ ਦੀਆਂ ਹਥੇਲੀਆਂ ਨਾਲ ਰਗੜ-ਰਗੜ ਕੇ ਬਿਨਾਂ ਪਾਣੀ ਕੀਤੇ ਜਾਣ ਵਾਲੇ ਇਸ਼ਨਾਨ ਨੂੰ ਖੁਸ਼ਕ ਰਗੜ ਇਸ਼ਨਾਨ (Dry Friction Bath) ਕਿਹਾ ਜਾਂਦਾ ਹੈ। ਇਸ ਵਿੱਚ ਸਿਰ ਤੋਂ ਸ਼ੁਰੂ ਕਰ ਕੇ ਇੱਕ-ਇੱਕ ਅੰਗ ਨੂੰ ਚੰਗੀ ਤਰ੍ਹਾਂ ਰਗੜਿਆ ਜਾਂਦਾ ਹੈ, ਜਿਸ ਨਾਲ ਵੱਧ ਤੋਂ ਵੱਧ ਖੂਨ ਚਮੜੀ ਤੱਕ ਪਹੁੰਚਦਾ ਹੈ, ਖੂਨ ਦੀਆਂ ਨਾੜੀਆਂ ਫੈਲਦੀਆਂ ਹਨ ਅਤੇ ਸਰੀਰ ਦੇ ਰੋਮ ਖੁੱਲ੍ਹ ਜਾਂਦੇ ਹਨ। ਸਰੀਰ ਅੰਦਰ ਮੌਜੂਦ ਜ਼ਹਿਰੀਲੇ ਤੱਤ ਪਸੀਨੇ ਦੇ ਰੂਪ ਵਿੱਚ ਬਾਹਰ ਨਿਕਲਦੇ ਹਨ। ਸਰੀਰ ਵਿੱਚ ਜੋਸ਼ ਅਤੇ ਫੁਰਤੀ ਆਉਂਦੀ ਹੈ, ਚਮੜੀ ਨਿਰੋਗ ਅਤੇ ਨਿਰਮਲ ਹੋ ਜਾਂਦੀ ਹੈ, ਖਾਂਸੀ-ਜ਼ੁਕਾਮ ਰੋਗ ਦੂਰ ਹੁੰਦੇ ਹਨ ਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਇਸ ਇਸ਼ਨਾਨ ਨੂੰ ਸਾਧਾਰਨ ਇਸ਼ਨਾਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ।
ਪੇਡੂ ਇਸ਼ਨਾਨ: ਪੇਡੂ ਇਸ਼ਨਾਨ (Hip Bath) ਲਈ ਇੱਕ ਟੱਬ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਇਸ ਤਰ੍ਹਾਂ ਬੈਠਿਆ ਜਾਂਦਾ ਹੈ ਕਿ ਪੈਰ ਟੱਬ ਤੋਂ ਬਾਹਰ ਇੱਕ ਲੱਕੜ ਦੀ ਚੌਕੀ ’ਤੇ ਅਤੇ ਸਰੀਰ ਦਾ ਬਾਕੀ ਹਿੱਸਾ ਟੱਬ ਵਿੱਚ ਰਹੇ। ਟੱਬ ਵਿੱਚ ਧੁੰਨੀ ਤੱਕ ਠੰਢਾ ਪਾਣੀ ਭਰ ਲਿਆ ਜਾਂਦਾ ਹੈ ਅਤੇ ਇੱਕ ਸੂਤੀ ਕੱਪੜੇ ਨਾਲ ਧੁੰਨੀ ਦੇ ਚਾਰੋਂ ਪਾਸੇ ਘੜੀ ਦੀ ਦਿਸ਼ਾ ਵਿੱਚ ਹੌਲੀ-ਹੌਲੀ ਰਗੜਿਆ ਜਾਂਦਾ ਹੈ। ਜੇਕਰ ਰੋਗੀ ਕਮਜ਼ੋਰ ਹੋਵੇ ਤਾਂ ਪੈਰ ਗਰਮ ਪਾਣੀ ਵਿੱਚ ਗਿੱਟਿਆਂ ਤੱਕ ਡੁਬੋਏ ਜਾ ਸਕਦੇ ਹਨ। ਇਸ ਇਸ਼ਨਾਨ ਨੂੰ 5 ਮਿੰਟ ਤੋਂ ਸ਼ੁਰੂ ਕਰ ਕੇ ਹੌਲੀ-ਹੌਲੀ 15-20 ਮਿੰਟ ਤੱਕ ਲਿਜਾਇਆ ਜਾ ਸਕਦਾ ਹੈ। ਇਸ ਨਾਲ ਪਾਚਨ ਤੰਤਰ ਦਰੁਸਤ ਹੁੰਦਾ ਹੈ ਅਤੇ ਜਿਗਰ, ਤਿੱਲੀ ਅਤੇ ਆਂਤੜੀਆਂ ਵਿੱਚ ਖੂਨ ਦਾ ਦੌਰਾ ਤੇਜ਼ ਹੁੰਦਾ ਹੈ। ਕਬਜ਼, ਸਿਰ ਦਰਦ, ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਇਹ ਬਵਾਸੀਰ, ਪੀਲੀਆ, ਮੋਟਾਪਾ, ਸ਼ੱਕਰ ਰੋਗ, ਪਿਸ਼ਾਬ ਸਬੰਧੀ ਰੋਗਾਂ, ਮਾਸਿਕ ਚੱਕਰ ਨਾਲ ਜੁੜੀਆਂ ਬਿਮਾਰੀਆਂ ਵਿੱਚ ਬਹੁਤ ਲਾਭਦਾਇਕ ਹੈ।
ਰੀੜ੍ਹ ਇਸ਼ਨਾਨ: ਰੀੜ੍ਹ ਇਸ਼ਨਾਨ (Spinal Bath) ਇੱਕ ਟੱਬ ਦੀ ਮਦਦ ਨਾਲ ਹੀ ਲਿਆ ਜਾਂਦਾ ਹੈ, ਜਿਸ ਵਿੱਚ ਸਿਰਫ ਇੱਕ ਤੋਂ 2 ਇੰਚ ਤੱਕ ਹੀ ਠੰਢਾ ਪਾਣੀ ਭਰਿਆ ਜਾਂਦਾ ਹੈ। ਟੱਬ ਵਿੱਚ ਇਸ ਤਰ੍ਹਾਂ ਲੇਟਿਆ ਜਾਂਦਾ ਹੈ ਤਾਂ ਕਿ ਸਿਰ ਟੱਬ ਦੇ ਇੱਕ ਕਿਨਾਰੇ ’ਤੇ ਅਤੇ ਪੈਰ ਟੱਬ ਤੋਂ ਬਾਹਰ ਹੋਣ। ਇਸ ਇਸ਼ਨਾਨ ਨੂੰ 10-15 ਮਿੰਟ ਤੱਕ ਕੀਤਾ ਜਾ ਸਕਦਾ ਹੈ। ਇਸ ਨਾਲ ਅਨੀਂਦਰਾ, ਸਿਰ ਦਰਦ, ਮਾਈਗ੍ਰੇਨ, ਸਲਿਪ ਡਿਸਕ, ਡਿਪ੍ਰੈਸ਼ਨ, ਹਾਈ ਬਲੱਡ ਪ੍ਰੈਸ਼ਰ ਆਦਿ ਰੋਗਾਂ ਵਿੱਚ ਵਿਸ਼ੇਸ਼ ਲਾਭ ਮਿਲਦਾ ਹੈ।
ਭਾਫ਼ ਇਸ਼ਨਾਨ: ਭਾਫ਼ ਇਸ਼ਨਾਨ (Steam Bath) ਲੱਕੜ ਜਾਂ ਫਾਇਬਰ ਦੇ ਇੱਕ ਵਿਸ਼ੇਸ਼ ਕੈਬਿਨ, ਜਿਸ ਅੰਦਰ ਬੈਠਣ ਦੇ ਲਈ ਇੱਕ ਸਟੂਲ ਹੁੰਦਾ ਹੈ, ਦੀ ਮਦਦ ਨਾਲ ਕੀਤਾ ਜਾਂਦਾ ਹੈ। ਅੱਜ ਕਲ੍ਹ ਪੋਲਿਸਟਰ ਦੇ ਤਹਿ ਕਰ ਕੇ ਰੱਖੇ ਜਾ ਸਕਣ ਵਾਲੇ ਕੈਬਿਨ ਵੀ ਬਾਜ਼ਾਰ ਵਿੱਚ ਉਪਲਬਧ ਹਨ। ਕੈਬਿਨ ਵਿੱਚ ਇਸ ਤਰ੍ਹਾਂ ਬੈਠਿਆ ਜਾਂਦਾ ਹੈ ਕਿ ਵਿਅਕਤੀ ਦਾ ਸਿਰ ਕੈਬਿਨ ਤੋਂ ਬਾਹਰ ਰਹੇ। ਭਾਫ਼ ਇਸ਼ਨਾਨ ਲੈਣ ਤੋਂ ਪਹਿਲਾਂ ਵਿਅਕਤੀ ਨੂੰ 2-3 ਗਲਾਸ ਠੰਢੇ ਪਾਣੀ ਦੇ ਪੀ ਲੈਣੇ ਚਾਹੀਦੇ ਹਨ ਅਤੇ ਸਿਰ ਉੱਤੇ ਗਿੱਲਾ ਤੌਲੀਆ ਰੱਖ ਲੈਣਾ ਚਾਹੀਦਾ ਹੈ। ਗਰਮੀਆਂ ਵਿੱਚ 5 ਤੋਂ 10 ਮਿੰਟ ਅਤੇ ਸਰਦੀਆਂ ਵਿੱਚ 10 ਤੋਂ 20 ਮਿੰਟ ਤੱਕ ਇਹ ਇਸ਼ਨਾਨ ਕੀਤਾ ਜਾ ਸਕਦਾ ਹੈ। ਮੋਟਾਪਾ, ਗੁਰਦੇ ਸਬੰਧੀ ਰੋਗਾਂ, ਪੁਰਾਣੀ ਸਰਦੀ, ਚਮੜੀ ਦੇ ਰੋਗ, ਦਮਾ, ਗਠੀਆ, ਸਾਇਟਿਕਾ ਵਿੱਚ ਵਿਸ਼ੇਸ਼ ਲਾਭਦਾਇਕ ਹੈ।ਧੁੱਪ ਇਸ਼ਨਾਨ: ਧੁੱਪ ਇਸ਼ਨਾਨ (Sun Bath) ਸਵੇਰ ਵੇਲੇ, ਜਦੋਂ ਸੂਰਜ ਦੀਆਂ ਕਿਰਨਾਂ ਹਲਕੀਆਂ ਹੁੰਦੀਆਂ ਹਨ, ਕੀਤਾ ਜਾਂਦਾ ਹੈ ਅਤੇ ਇਸ ਦੀ ਮਿਆਦ 15-30 ਮਿੰਟ ਤੱਕ ਰੱਖੀ ਜਾ ਸਕਦੀ ਹੈ। ਭਾਫ਼ ਇਸ਼ਨਾਨ ਦੀ ਤਰ੍ਹਾਂ ਹੀ ਧੁੱਪ ਇਸ਼ਨਾਨ ਤੋਂ ਪਹਿਲਾਂ ਵੀ ਵਿਅਕਤੀ ਨੂੰ 2-3 ਗਲਾਸ ਠੰਢੇ ਪਾਣੀ ਦੇ ਪੀ ਲੈਣੇ ਚਾਹੀਦੇ ਹਨ ਅਤੇ ਸਿਰ ਉੱਤੇ ਗਿੱਲਾ ਤੌਲੀਆ ਰੱਖ ਲੈਣਾ ਚਾਹੀਦਾ ਹੈ। ਮੋਟਾਪਾ, ਗਠੀਆ, ਦਮਾ, ਕੁਪੋਸ਼ਣ, ਅਪਚ ਅਤੇ ਚਮੜੀ ਦੇ ਰੋਗਾਂ ਵਿੱਚ ਧੁੱਪ ਇਸ਼ਨਾਨ ਬਹੁਤ ਲਾਭਕਾਰੀ ਹੈ। ਸਰੀਰ ਲਈ ਲੋੜੀਂਦੇ ਵਿਟਾਮਿਨ-ਡੀ ਦੀ ਕਮੀ ਕੁਝ ਮਿੰਟਾਂ ਦੇ ਧੁੱਪ ਇਸ਼ਨਾਨ ਨਾਲ ਹੀ ਪੂਰੀ ਹੋ ਜਾਂਦੀ ਹੈ।
ਵਾਯੂ ਇਸ਼ਨਾਨ: ਵਾਯੂ ਇਸ਼ਨਾਨ (Air Bath) ਰੋਜ਼ਾਨਾ 15-20 ਮਿੰਟ ਤੱਕ ਖੁੱਲ੍ਹੀ, ਤਾਜ਼ੀ ਹਵਾ ਵਿੱਚ ਕੀਤਾ ਜਾ ਸਕਦਾ ਹੈ। ਚਮੜੀ ਰਾਹੀਂ ਤਾਜ਼ੀ ਹਵਾ ਸਰੀਰ ਦੇ ਅੰਦਰ ਪ੍ਰਵੇਸ਼ ਕਰਦੀ ਹੈ ਅਤੇ ਅੰਦਰਲੇ ਸਾਰੇ ਅੰਗਾਂ ਨੂੰ ਊਰਜਾਵਾਨ ਕਰਦੀ ਹੈ। ਭੁੱਖ ਅਤੇ ਖੂਨ ਦਾ ਸੰਚਾਰ ਵਧਦਾ ਹੈ। ਮਾਸਪੇਸ਼ੀਆਂ ਤੰਦਰੁਸਤ ਅਤੇ ਮਜ਼ਬੂਤ ਹੁੰਦੀਆਂ ਹਨ, ਚੰਗੀ ਨੀਂਦ ਆਉਂਦੀ ਹੈ।
ਮਿੱਟੀ ਇਸ਼ਨਾਨ: ਮਿੱਟੀ ਇਸ਼ਨਾਨ (Mud Bath) ਸਾਫ਼-ਸੁਥਰੀ ਅਤੇ ਮਿਲਾਵਟ-ਰਹਿਤ ਮਹੀਨ ਮਿੱਟੀ ਨਾਲ ਕੀਤਾ ਜਾਂਦਾ ਹੈ। ਮਿੱਟੀ ਨੂੰ ਕਿਸੇ ਭਾਂਡੇ ਵਿੱਚ 7-8 ਘੰਟਿਆਂ ਲਈ (ਰਾਤ ਭਰ ਲਈ) ਭਿਉਂ ਕੇ ਰੱਖਿਆ ਜਾਂਦਾ ਹੈ ਅਤੇ ਸਵੇਰੇ 1-2 ਘੰਟੇ ਧੁੱਪ ਲੁਆ ਕੇ ਲੇਪ ਤਿਆਰ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਲੇਪ ਨੂੰ ਪੂਰੇ ਸਰੀਰ ’ਤੇ ਮਲ ਕੇ ਧੁੱਪ ਵਿੱਚ 30-45 ਮਿੰਟ ਤੱਕ ਬੈਠਿਆ ਜਾਂਦਾ ਹੈ ਅਤੇ ਸੁੱਕ ਜਾਣ ਤੋਂ ਪਿਛੋਂ ਤਾਜ਼ੇ ਪਾਣੀ ਨਾਲ ਨਹਾ ਲਿਆ ਜਾਂਦਾ ਹੈ। ਇਹ ਕਬਜ਼, ਪਾਚਨ ਸਬੰਧੀ ਰੋਗਾਂ, ਸਿਰ ਦਰਦ, ਮਾਇਗ੍ਰੇਨ, ਤਣਾਅ, ਅਨੀਂਦਰਾ, ਹਾਈ ਬਲੱਡ ਪ੍ਰੈਸ਼ਰ, ਸ਼ੱਕਰ ਰੋਗ, ਆਦਿ ਵਿੱਚ ਬਹੁਤ ਹੀ ਗੁਣਕਾਰੀ ਹੈ।
ਗਰਮ ਪੈਰ ਇਸ਼ਨਾਨ: ਗਰਮ ਪੈਰ ਇਸ਼ਨਾਨ (Hot Foot Bath) ਲਈ ਵਿਅਕਤੀ ਇੱਕ ਕੁਰਸੀ ’ਤੇ ਬੈਠਕੇ ਆਪਣੇ ਪੈਰ ਸਹਿਣਯੋਗ ਗਰਮ ਪਾਣੀ ਨਾਲ ਭਰੀ ਬਾਲਟੀ ਵਿੱਚ ਰੱਖਦਾ ਹੈ। ਇਸ਼ਨਾਨ ਤੋਂ ਪਹਿਲਾਂ 2-3 ਗਲਾਸ ਠੰਢੇ ਪਾਣੀ ਦੇ ਪੀ ਲੈਣੇ ਚਾਹੀਦੇ ਹਨ। ਸਿਰ ਉੱਤੇ ਠੰਢਾ ਤੌਲੀਆ ਅਤੇ ਪਿੰਡੇ ’ਤੇ ਇੱਕ ਗਰਮ ਕੱਪੜਾ ਲਪੇਟ ਲੈਣਾ ਚਾਹੀਦਾ ਹੈ। ਇਹ ਇਸ਼ਨਾਨ 15-20 ਮਿੰਟ ਤੱਕ ਕੀਤਾ ਜਾ ਸਕਦਾ ਹੈ। ਇਸ ਨਾਲ ਅਨੀਂਦਰਾ, ਸਿਰ ਦਰਦ, ਜੋੜਾਂ ਦਾ ਦਰਦ, ਦਮਾ, ਸਾਇਟਿਕਾ, ਆਦਿ ਰੋਗਾਂ ਵਿੱਚ ਵਿਸ਼ੇਸ਼ ਲਾਭ ਮਿਲਦਾ ਹੈ।
ਉਪਰੋਕਤ ਸਾਰੇ ਇਸ਼ਨਾਨ ਸਰੀਰ ਵਿੱਚ ਜਮ੍ਹਾਂ ਜ਼ਹਿਰੀਲੇ ਤੱਤਾਂ ਨੂੰ ਪ੍ਰਭਾਵੀ ਢੰਗ ਨਾਲ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ਤਾਂ ਕਿ ਵਿਅਕਤੀ ਨਿਰੋਗੀ ਰਹਿ ਸਕੇ। ਹਾਲਾਂਕਿ ਇਨ੍ਹਾਂ ਵਿਚੋਂ ਕਿਸੇ ਵੀ ਇਸ਼ਨਾਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਫਿਰ ਵੀ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੁੰਦੀਆਂ ਹਨ, ਜਿਸ ਲਈ ਉਚਿਤ ਨੇਚਰੋਪੈਥੀ ਮਾਹਿਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।
ਸੰਜੀਵ ਕੁਮਾਰ ਸ਼ਰਮਾ
ਸੰਪਰਕ: 98147-11605
Sunday, November 1, 2020
ਰੋਗ-ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) - [Immunity - The defence mechanism of our body to fight diseases]
ਕੀ ਖਾਈਏ/ਨਾ ਖਾਈਏ: ਮਨੁੱਖੀ ਸਰੀਰ ਵਿੱਚ ਤਕਰੀਬਨ 80% ਐਲਕੇਲਾਇਨ/ਖਾਰੇ (Alkaline) ਅਤੇ 20% ਅਮਲੀ/ਤੇਜ਼ਾਬੀ (Acidic) ਤੱਤ ਹੁੰਦੇ ਹਨ। ਸਾਡੀਆਂ ਸਰੀਰਿਕ ਅਤੇ ਮਾਨਸਿਕ ਗਤੀਵਿਧੀਆਂ ਇਸੇ ਅਨੁਪਾਤ ’ਤੇ ਨਿਰਭਰ ਹਨ ਅਤੇ ਤੰਦਰੁਸਤ ਰਹਿਣ ਲਈ ਇਨ੍ਹਾਂ ਵਿੱਚ ਸੰਤੁਲਨ ਲਾਜ਼ਮੀ ਹੈ। ਭੋਜਨ ਨੂੰ ਊਰਜਾ ਵਿੱਚ ਬਦਲਣ ਦੀ ਪ੍ਰਕਿਰਿਆ ਦੌਰਾਨ ਸਰੀਰ ਵਿੱਚ ਅਮਲੀ ਤੱਤ ਪੈਦਾ ਹੁੰਦੇ ਹਨ, ਪਰੰਤੂ ਖਾਰੇ ਤੱਤਾਂ ਦੀ ਪੂਰਤੀ ਬਾਹਰੋਂ, ਭਾਵ ਭੋਜਨ ਰਾਹੀਂ ਕਰਨੀ ਪੈਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਭੋਜਨ ਵਿੱਚ 80% ਜਾਂ ਵੱਧ ਐਲਕੇਲਾਇਨ ਖਾਧ-ਪਦਾਰਥ ਹੋਣ। ਜਦਕਿ ਅਸਲੀਅਤ ਵਿੱਚ ਅਮਲੀ ਖਾਧ-ਪਦਾਰਥਾਂ ਦੀ ਵਰਤੋਂ ਅਸੀਂ ਕਿਤੇ ਵੱਧ ਕਰ ਰਹੇ ਹਾਂ ਜਿਸ ਨਾਲ ਸਰੀਰ ਵਿੱਚ ਅਮਲਤਾ ਵਧ ਰਹੀ ਹੈ ਅਤੇ ਅਸੀਂ ਬਿਮਾਰ ਪੈ ਰਹੇ ਹਾਂ। ਫਲ (ਨਿੰਬੂ, ਸੰਤਰਾ, ਆਦਿ ਵੀ), ਸਬਜ਼ੀਆਂ, ਜੜੀ-ਬੂਟੀਆਂ, ਸ਼ਹਿਦ, ਗੁੜ, ਸ਼ੱਕਰ, ਕੱਚਾ ਦੁੱਧ ਆਦਿ ਐਲਕੇਲਾਇਨ; ਜਦਕਿ ਜ਼ਿਆਦਾਤਰ ਅਨਾਜ, ਮੀਟ, ਉਬਲਿਆ ਦੁੱਧ ਅਤੇ ਉਸ ਨਾਲ ਬਣੇ ਪਦਾਰਥ, ਅੰਡੇ, ਦਾਲਾਂ, ਚੀਨੀ, ਡੱਬਾ-ਬੰਦ ਭੋਜਨ, ਆਦਿ ਅਮਲੀ ਖਾਧ ਪਦਾਰਥਾਂ ਵਿੱਚ ਆਉਂਦੇ ਹਨ।
ਕਿਹੋ ਜਿਹਾ ਖਾਈਏ: ਭੋਜਨ ਨੂੰ ਪਚਾਉਣ ਲਈ ਪਾਚਕ ਰਸਾਂ ਦਾ ਹੋਣਾ ਲਾਜ਼ਮੀ ਹੈ। ਪਕਾਉਣ ਨਾਲ ਉਸ ਵਿਚਲੇ ਪੋਸ਼ਕ ਤੱਤ ਅਤੇ ਪਾਚਕ ਰਸ ਨਸ਼ਟ ਹੋ ਜਾਂਦੇ ਹਨ, ਜਿਸ ਕਰਕੇ ਉਸ ਨੂੰ ਪਚਾਉਣ ਲਈ ਸਰੀਰ ਦੇ ਅੰਗਾਂ ਜਿਵੇਂ ਜਿਗਰ, ਪਾਚਕ ਗ੍ਰੰਥੀ (ਪੈਨਕ੍ਰਿਆਜ਼), ਪੇਟ ਅਤੇ ਅੰਤੜੀਆਂ ਨੂੰ ਵਧ ਕੰਮ ਕਰਨਾ ਪੈਂਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਅਣ-ਪਕਿਆ ਭੋਜਨ ਕਰਨਾ ਚਾਹੀਦਾ ਹੈ। ਜੇਕਰ ਭੋਜਨ ਪਕਾਉਣਾ ਵੀ ਪਵੇ ਤਾਂ ਕੇਵਲ ਲੋੜ ਅਨੁਸਾਰ ਨਰਮ ਕੀਤਾ ਜਾਵੇ। ਅਣ-ਪੱਕੇ ਰੂਪ ਵਿੱਚ ਬੀਜਾਂ, ਦਾਲਾਂ ਅਤੇ ਅਨਾਜ ਨੂੰ ਅੰਕੁਰਿਤ ਕਰਕੇ, ਫਲਾਂ ਅਤੇ ਸਬਜ਼ੀਆਂ ਨੂੰ ਜੂਸ, ਸਲਾਦ, ਚਟਨੀ ਦੇ ਰੂਪ ਵਿੱਚ, ਦੁੱਧ, ਦਹੀਂ ਅਤੇ ਸੁੱਕੇ ਮੇਵਿਆਂ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਅਜਿਹਾ ਭੋਜਨ ਨਾ ਕੇਵਲ ਜਲਦੀ ਪਚੇਗਾ, ਬਲਕਿ ਇਮਯੂਨਿਟੀ ਵੀ ਵਧਾਏਗਾ। ਮੈਦੇ, ਚੀਨੀ, ਸਾਧਾਰਣ ਨਮਕ, ਰਿਫਾਇੰਡ ਤੇਲ ਵਰਗੇ ਜ਼ਹਿਰਾਂ ਦੀ ਵਰਤੋਂ ਬੰਦ ਕਰਕੇ, ਆਟਾ (ਚੋਕਰ/ਛਾਣ ਸਮੇਤ), ਦੇਸੀ ਖੰਡ/ਗੁੜ/ਸ਼ੱਕਰ, ਸੇਂਧਾ/ਕਾਲਾ ਨਮਕ ਅਤੇ ਸਰ੍ਹੋਂ/ਨਾਰੀਅਲ/ਤਿਲ/ਜੈਤੂਨ ਦਾ ਤੇਲ ਜਾਂ ਦੇਸੀ ਘਿਓ ਦੀ ਵਰਤੋਂ ਕਰੀਏ।
ਕਿੰਨਾ ਖਾਈਏ: ਤੰਦਰੁਸਤ ਰਹਿਣ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਬਹੁਤਾ ਖਾਈਏ, ਬਲਕਿ ਜਿੰਨਾ ਖਾਈਏ, ਉਹ ਸਹੀ ਤਰੀਕੇ ਨਾਲ ਪਚ ਕੇ ਸਰੀਰ-ਨਿਰਮਾਣ ਅਤੇ ਕੋਸ਼ਿਕਾਵਾਂ ਦੀ ਮੁਰਮੰਤ ਵਿਚ ਸਹਾਈ ਹੋਵੇ ਅਤੇ ਬਚਿਆ-ਖੁਚਿਆ ਪਦਾਰਥ ਪਿਸ਼ਾਬ, ਪਸੀਨੇ, ਪਖਾਨੇ ਅਤੇ ਪ੍ਰਾਣਾਂ (ਸਾਹ) ਰਾਹੀਂ ਸਰੀਰ ਵਿਚੋਂ ਨਿਕਲ ਜਾਵੇ। ਘੱਟ ਖਾਣ ਨਾਲ ਭਾਵੇਂ ਸਾਨੂੰ ਕੋਈ ਦਿੱਕਤ ਨਾ ਆਵੇ, ਪਰੰਤੂ ਵੱਧ ਜਾਂ ਬਿਨਾ ਭੁੱਖ ਤੋਂ ਖਾਣ ਨਾਲ ਸਮੱਸਿਆ ਹੋਣੀ ਲਾਜ਼ਮੀ ਹੈ। ਆਯੁਰਵੇਦ ਅਨੁਸਾਰ ਪੇਟ ਦਾ ਕੇਵਲ ਅੱਧਾ ਭਾਗ ਆਹਾਰ, ਇੱਕ ਚੌਥਾਈ ਕੁਝ ਚਿਰ ਬਾਅਦ ਪਾਣੀ ਅਤੇ ਬਾਕੀ ਇੱਕ ਚੌਥਾਈ ਹਵਾ ਦੇ ਲਈ ਛਡਣਾ ਚਾਹੀਦਾ ਹੈ। ਚਰਕ ਰਿਸ਼ੀ ਦੇ ਕਥਨ ਅਨੁਸਾਰ ਉਹੀ ਵਿਅਕਤੀ ਰੋਗਾਂ ਤੋਂ ਦੂਰ ਰਹਿ ਸਕਦਾ ਹੈ ਜਿਹੜਾ ਹਿਤ ਭੁਕ, ਰਿਤ ਭੁਕ, ਮਿਤ ਭੁਕ ਸਿਧਾਂਤ ਅਨੁਸਾਰ, ਹਿਤਕਾਰੀ, ਸਿਹਤ ਲਈ ਚੰਗਾ, ਰੁੱਤ ਅਨੁਸਾਰ ਅਤੇ ਭੁੱਖ ਨਾਲੋਂ ਘੱਟ ਭੋਜਨ ਕਰੇ।
ਕਦੋਂ ਖਾਈਏ: ਪਾਚਨ ਚੱਕਰ ਦਾ ਸੂਰਜ ਦੇ ਚੱਕਰ ਨਾਲ ਬੜਾ ਗੂੜ੍ਹਾ ਸੰਬੰਧ ਹੈ। ਦੁਪਹਿਰ 12:00 ਤੋਂ 2:00 ਵਜੇ ਤੱਕ ਸੂਰਜ ਆਪਣੇ ਚਰਮ ’ਤੇ ਹੁੰਦਾ ਹੈ, ਅਤੇ ਉਸੇ ਸਮੇਂ ਪਾਚਨ ਅਗਨੀ ਵੀ ਚਰਮ ’ਤੇ ਹੁੰਦੀ ਹੈ। ਇਸ ਲਈ ਦੁਪਹਿਰ ਦਾ ਖਾਣਾ ਦਿਨ ਦਾ ਸਭ ਤੋਂ ਭਾਰਾ ਹੋਣਾ ਚਾਹੀਦਾ ਹੈ। ਸਵੇਰ ਅਤੇ ਸ਼ਾਮ ਦੇ ਖਾਣੇ ਹਲਕੇ ਹੋਣੇ ਚਾਹੀਦੇ ਹਨ। ਦੇਰ ਸ਼ਾਮ ਜਾਂ ਰਾਤ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਸ ਸਮੇਂ ਪਾਚਨ ਅਗਨੀ ਮੱਧਮ ਹੁੰਦੀ ਹੈ। ਖਾਣਾ ਉਦੋਂ ਖਾਧਾ ਜਾਵੇ, ਜਦੋਂ ਪਹਿਲਾਂ ਤੋਂ ਖਾਧਾ ਪਚ ਚੁਕਾ ਹੋਵੇ। ਬਿਨਾ ਭੁੱਖ ਤੋਂ ਖਾਣ ਨਾਲ ਗੈਸ, ਕਬਜ਼, ਬਦਹਜ਼ਮੀ, ਆਦਿ ਅਨੇਕਾਂ ਰੋਗ ਜਨਮ ਲੈਂਦੇ ਹਨ। ਇਸ ਤਰ੍ਹਾਂ ਦੁਪਹਿਰ ਤੱਕ ਰੱਜ ਕੇ ਮੌਸਮੀ ਫਲ, ਸਲਾਦ ਜਾਂ ਜੂਸ, ਦੁਪਹਿਰ ਵੇਲੇ ਪੂਰਣ ਭੋਜਨ, ਸ਼ਾਮ ਨੂੰ ਲੋੜ ਅਨੁਸਾਰ ਫਲ ਜਾਂ ਸਲਾਦ ਅਤੇ ਰਾਤ ਨੂੰ ਹਲਕਾ ਭੋਜਨ (ਮੁੱਖ ਤੌਰ ’ਤੇ ਸਬਜ਼ੀਆਂ ਜਾਂ ਸੂਪ) ਹੋ ਸਕਦੇ ਹਨ। ਸ਼ਾਮ ਦਾ ਭੋਜਨ ਬਿਸਤਰੇ ’ਤੇ ਜਾਣ ਤੋਂ ਘੱਟੋ-ਘੱਟ ਤਿੰਨ ਘੰਟੇ ਪਹਿਲਾਂ ਕਰ ਲੈਣਾ ਚਾਹੀਦਾ ਹੈ।
ਯੋਗ: ਇਮਯੂਨਿਟੀ ਵਧਾਉਣ ਦਾ ਸਭ ਤੋਂ ਸੌਖਾ, ਸਸਤਾ ਅਤੇ ਉੱਤਮ ਉਪਾਅ ਯੋਗ ਹੈ। ਯੋਗ ਨਾਲ ਨਾ ਸਿਰਫ ਸਰੀਰ ਦੇ ਸਾਰੇ ਅੰਗ ਮਜ਼ਬੂਤ ਹੁੰਦੇ ਹਨ, ਬਲਕਿ ਉਨ੍ਹਾਂ ਦੀ ਕਾਰਜ-ਸਮਰੱਥਾ ਵੀ ਵਧਦੀ ਹੈ। ਵੱਖ-ਵੱਖ ਤਰ੍ਹਾਂ ਦੇ ਆਸਨ, ਮੁਦਰਾਵਾਂ, ਬੰਧ, ਧਿਆਨ, ਕਪਾਲ-ਭਾਤੀ, ਅਨੁਲੋਮ-ਵਿਲੋਮ ਪ੍ਰਾਣਾਯਾਮ, ਸੂਰਜ-ਨਮਸਕਾਰ, ਆਦਿ ਵਿਕਾਰਾਂ ਨੂੰ ਦੂਰ ਕਰਦੇ ਹਨ ਅਤੇ ਸਫੇਦ ਲਹੂ ਕਣਾਂ ਵਿੱਚ ਵਾਧਾ ਕਰਦੇ ਹਨ। ਮੌਜੂਦਾ ਸੰਕਟ ਵਿੱਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਇਹ ਸਾਹ-ਤੰਤਰ, ਸੰਚਾਰ-ਤੰਤਰ, ਆਦਿ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਵਿਅਕਤੀ ਦੇ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਉਸ ਨੂੰ ਤਣਾਅ ਤੋਂ ਦੂਰ ਰਖਦਾ ਹੈ।
ਘਰ ਦੀ ਬਗੀਚੀ/ਰਸੋਈ ਵਿੱਚ ਮੌਜੂਦ ਔਸ਼ਧੀਆਂ: ਸਾਡੇ ਘਰ ਦੀ ਬਗੀਚੀ/ਰਸੋਈ ਵਿੱਚ ਤੁਲਸੀ, ਲਸਣ, ਨਿੰਬੂ, ਸ਼ਹਿਦ, ਅਦਰਕ, ਹਲਦੀ, ਦਾਲਚੀਨੀ, ਗਲੋਅ, ਕਾਲੀ ਮਿਰਚ, ਲੌਂਗ, ਇਲਾਇਚੀ, ਅਸ਼ਵਗੰਧਾ, ਆਦਿ ਜਿਹੀਆਂ ਬਹੁਤ ਸਾਰੀਆਂ ਔਸ਼ਧੀਆਂ ਹਨ, ਜਿਹੜੀਆਂ ਇਮਯੂਨਿਟੀ ਨੂੰ ਵਧਾਉਂਦੀਆਂ ਹਨ; ਹਰ ਤਰ੍ਹਾਂ ਦੇ ਵਾਇਰਸ, ਬੈਕਟੀਰੀਆ ਤੋਂ ਸਾਡਾ ਬਚਾਅ ਕਰਦੀਆਂ ਹਨ, ਦਿਲ ਦੀ ਤੰਦਰੁਸਤੀ, ਸਾਹ, ਚਮੜੀ, ਪੇਟ, ਆਦਿ ਅਣਗਿਣਤ ਰੋਗਾਂ ਲਈ ਕਾਰਗਰ ਹਨ। ਲੇਕਿਨ ਇਨ੍ਹਾਂ ਔਸ਼ਧੀਆਂ ਦੀ ਲੋੜ ਤੋਂ ਵੱਧ ਮਾਤਰਾ ਫਾਇਦੇ ਦੀ ਥਾਂ ਭਿਆਨਕ ਨੁਕਸਾਨ ਕਰ ਸਕਦੀ ਹੈ। ਫਿਰ ਚਾਹੇ ਅਸੀਂ ਉਹ ਕਾੜ੍ਹੇ ਦੇ ਰੂਪ ਵਿੱਚ ਵਰਤੀਏ, ਦੁੱਧ, ਜਾਂ ਦਾਲ-ਸਬਜ਼ੀ ਵਿੱਚ ਪਾਈਏ ਜਾਂ ਫਿਰ ਉਂਝ ਹੀ ਚੂਸੀਏ। ਸਾਰੇ ਦਿਨ ਵਿੱਚ 4-5 ਦਾਣੇ ਕਾਲੀ ਮਿਰਚ, ਲੌਂਗ, ਇਲਾਇਚੀ, 8-10 ਪੱਤੇ ਤੁਲਸੀ, 2-3 ਚੁਟਕੀ ਦਾਲਚੀਨੀ, 1-2 ਨਿੰਬੂ, 1-2 ਪੱਤੇ ਅਸ਼ਵਗੰਧਾ, 5-6 ਕਲੀਆਂ ਲਸਣ, 1-2 ਚਮਚ ਅਦਰਕ ਦਾ ਰਸ, ਇੱਕ-ਡੇਢ ਇੰਚ ਗਲੋਅ ਦਾ ਟੁਕੜਾ, ਅੱਧਾ-ਇੱਕ ਚਮਚ ਹਲਦੀ, ਆਦਿ। ਭਾਵ ਬਹੁਤ ਹੀ ਸੀਮਿਤ ਮਾਤਰਾ ਵਿੱਚ।
ਕੁਝ ਹੋਰ ਗੱਲਾਂ: ਘੱਟੋ-ਘੱਟ 7-8 ਘੰਟੇ ਦੀ ਨੀਂਦ ਲਓ। ਪਾਣੀ ਖੂਬ ਪੀਓ। ਤਣਾਅ, ਡਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਦਿ ਨਕਾਰਾਤਮਕ ਗੱਲਾਂ ਤੋਂ ਦੂਰ ਰਹੋ, ਕਿਉਂਕਿ ਇਹ ਸਰੀਰ ਵਿੱਚ ਅਮਲਤਾ ਨੂੰ ਵਧਾਉਂਦੇ ਹਨ। ਸਤ, ਸੰਤੋਖ, ਦਇਆ, ਧਰਮ, ਸੰਜਮ, ਆਦਿ ਸਕਾਰਾਤਮਕ ਗੱਲਾਂ ਨੂੰ ਆਪਣੇ ਅੰਦਰ ਵਸਾਓ ਜਿਹੜੀਆਂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਗੀਆਂ।
ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਜੀਵਨ ਨੂੰ ਗਿਲਗਿਟ-ਬਾਲਟਿਸਤਾਨ (ਮਕਬੂਜ਼ਾ ਕਸ਼ਮੀਰ) ਦੀਆਂ ਪਹਾੜੀਆਂ ਵਿੱਚ ਵਸਦੇ ਹੁੰਜ਼ਾ ਘਾਟੀ ਦੇ ਲੋਕਾਂ ਵਾਂਗੂੰ ਬਣਾ ਸਕਦੇ ਹਾਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਦਾ ਖੁਸ਼, ਜਵਾਨ ਅਤੇ ਖੂਬਸੂਰਤ ਰਹਿੰਦੇ ਹਨ, ਕਦੇ ਬਿਮਾਰ ਨਹੀਂ ਹੁੰਦੇ ਅਤੇ 100 ਵਰ੍ਹਿਆਂ ਤੋਂ ਵੱਧ ਦਾ ਜੀਵਨ ਜਿਉਂਦੇ ਹਨ। ਇਸ ਦਾ ਇੱਕੋ-ਇੱਕ ਕਾਰਣ ਉਥੋਂ ਦੇ ਲੋਕਾਂ ਦਾ ਆਪਣੇ ਜੀਵਨ ਨੂੰ ਉਪਰੋਕਤ ਨਿਯਮਾਂ ਦੇ ਅਨੁਸਾਰ ਢਾਲਣਾ ਹੈ।
Thursday, March 19, 2020
ਕੋਰੋਨਾ ਵਾਇਰਸ ਦਾ ਪ੍ਰਕੋਪ ਅਤੇ ਉਸ ਤੋਂ ਬਚਾਅ (Outbreak of Corona Virus, Symtoms and Precautions)
ਸਾਲ 2019 ਦੇ ਅੰਤ ਵਿੱਚ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਪ੍ਰਕੋਪ ਅੱਜ ਦੁਨੀਆਂ ਦੇ
ਤਕਰੀਬਨ 150 ਤੋਂ ਦੇਸ਼ਾਂ ਵਿੱਚ ਫੈਲ ਚੁੱਕਾ ਹੈ।
ਜਦੋਂ ਤੱਕ ਇਹ ਲੇਖ ਤੁਹਾਡੇ ਰੂ-ਬ-ਰੂ ਹੋਵੇਗਾ, ਇਹ ਵਾਇਰਸ ਆਪਣੀ
ਜਕੜ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਨੂੰ ਲੈ ਚੁੱਕਾ ਹੋਵੇਗਾ, ਜਿਨ੍ਹਾਂ
ਚੋਂ 7,000 ਤੋਂ ਵੱਧ ਦੀ ਮੌਤ ਵੀ ਹੋ ਚੁੱਕੀ ਹੋਵੇਗੀ। ਇਸ ਬਿਮਾਰੀ ਦਾ ਡਰ ਲੋਕਾਂ, ਵਿਸ਼ੇਸ਼ ਕਰ
ਕੇ ਯੂਰਪ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਕੈਨੇਡਾ, ਆਦਿ ਵਿੱਚ ਇਸ ਕਦਰ ਘਰ ਕਰ ਚੁਕਿਆ ਹੈ ਕਿ ਲੋਕ ਆਪਣੇ ਘਰਾਂ ਵਿੱਚ
ਕਈ-ਕਈ ਮਹੀਨਿਆਂ ਲਈ ਰਾਸ਼ਨ, ਟਾਇਲਟ ਪੇਪਰ, ਸਾਬਣ, ਸ਼ੈਂਪੂ, ਸ਼ਿੰਗਾਰ
ਦਾ ਸਮਾਨ, ਡੱਬਾ-ਬੰਦ ਭੋਜਨ, ਬੋਤਲ-ਬੰਦ ਪਾਣੀ, ਹੱਥ ਸਾਫ
ਕਰਣ ਲਈ ਸੈਨੇਟਾਇਜ਼ਰ, ਫੇਸ ਮਾਸਕ, ਆਦਿ ਇਕੱਠਾ ਕਰ ਰਹੇ ਹਨ। ਇਕੱਠੇ ਕੀਤੇ ਸਮਾਨ ਦੀ ਮਾਤਰਾ ਇੰਨੀ ਜ਼ਿਆਦਾ
ਹੈ ਕਿ ਸ਼ਾਇਦ ਜਿਸ ਵੇਲੇ ਉਸ ਸਮਾਨ ਨੂੰ ਵਰਤਣ ਦੀ ਲੋੜ ਪਵੇ, ਉਹ ਸਮਾਨ
ਵਰਤਣ ਯੋਗ ਹੀ ਨਾ ਰਹੇ। ਪਰੰਤੂ ਘਭਰਾਹਟ ਦੇ ਮਾਰੇ ਲੋਕ ਇਹ ਸਭ ਕੁਝ ਸੋਚ ਹੀ ਨਹੀਂ ਪਾ ਰਹੇ।
ਸ਼ਾਪਿੰਗ ਮਾਲ, ਕਰਿਆਨੇ ਦੀਆਂ ਦੁਕਾਨਾਂ, ਵੱਡੇ ਸਟੋਰ
ਆਦਿ ਦੀਆਂ ਸ਼ੈਲਫ਼ਾਂ ਖਾਲੀ ਪਈਆਂ ਹਨ। ਦਹਿਸ਼ਤ ਦਾ ਆਲਮ ਇਹ ਹੈ ਕਿ ਵੱਧ ਤੋਂ ਵੱਧ ਸਮਾਨ ਇਕੱਠਾ ਕਰਨ ਦੀ
ਹੋੜ ਵਿੱਚ ਲੋਕ ਆਪਸ ਵਿੱਚ ਲੜ ਰਹੇ ਹਨ।- ਬਿਮਾਰ ਵਿਅਕਤੀ ਦੇ ਖੰਘਣ ਜਾਂ ਛਿੱਕਣ ਦੇ ਕਾਰਣ
- ਬਿਮਾਰ ਵਿਅਕਤੀ ਨੂੰ ਛੂਹਣ ਜਾਂ ਉਸ ਨਾਲ ਹੱਥ ਮਿਲਾਉਣ ਦੇ ਕਾਰਣ
- ਕਿਸੇ ਵੀ ਵਸਤੂ ਜਾਂ ਸਤਹ ਨੂੰ ਛੂਹਣ ਨਾਲ ਜਿਸ ’ਤੇ ਪਹਿਲਾਂ ਤੋਂ ਹੀ ਵਾਇਰਸ ਹੋਵੇ, ਅਤੇ ਫੇਰ ਆਪਣੇ, ਮੂੰਹ, ਨੱਕ ਜਾਂ ਅੱਖਾਂ ਨੂੰ ਹੱਥ ਧੋਤੇ ਬਿਨਾਂ ਛੂਹਣਾ।
- ਮਿਲਣ ਵੇਲੇ ਹੱਥ ਮਿਲਾਉਣ ਜਾਂ ਜੱਫੀ ਪਾਉਣ ਤੋਂ ਬਚੋ। ਭਾਰਤੀ ਤਰੀਕੇ ਅਨੁਸਾਰ ਹੱਥ ਜੋੜ ਕੇ ਨਮਸਤੇ ਕਰੋ।
- ਹਮੇਸ਼ਾ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਧੋਵੋ। ਖਾਣਾ ਬਣਾਉਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਪਹਿਲਾਂ ਵੀ ਚੰਗੀ ਤਰ੍ਹਾਂ ਹੱਥ ਧੋਵੋ। ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਬਿਨਾਂ ਹੱਥ ਧੋਤੇ ਨਾ ਛੂਹੋ। ਬਚਾਓ ਲਈ ਆਪਣੇ ਹੱਥ ਥੋੜ੍ਹੀ-ਥੋੜ੍ਹੀ ਦੇਰ ਬਾਅਦ ਧੋਂਦੇ ਰਹੋ।
- ਖੰਘਣ ਜਾਂ ਛਿੱਕਣ ਵੇਲੇ ਆਪਣੇ ਮੂੰਹ ਅਤੇ ਨੱਕ ਦੇ ਅੱਗੇ ਰੁਮਾਲ ਜਾਂ ਟਿਸ਼ੂ ਪੇਪਰ ਰੱਖੋ। ਟਿਸ਼ੂ ਪੇਪਰ ਨੂੰ ਕੂੜੇਦਾਨ ਵਿੱਚ ਸੁੱਟ ਦਿਓ। ਜੇਕਰ ਰੁਮਾਲ ਵਰਤਦੇ ਹੋ ਤਾਂ ਉਸ ਨੂੰ ਧੋਣ ਲਈ ਰੱਖ ਦਿਓ। ਜੇਕਰ ਰੁਮਾਲ ਜਾਂ ਟਿਸ਼ੂ ਪੇਪਰ ਨਹੀਂ ਹੈ ਤਾਂ ਕੂਹਣੀ ਸਾਹਮਣੇ ਕਰ ਕੇ ਖੰਘੋ ਜਾਂ ਛਿੱਕੋ, ਹੱਥਾਂ ਤੇ ਨਹੀਂ। ਖੰਘਣ ਜਾਂ ਛਿੱਕਣ ਤੋਂ ਬਾਅਦ ਆਪਣੇ ਹੱਥ ਧੋ ਲਵੋ। ਜੇਕਰ ਕੋਈ ਵਿਅਕਤੀ ਖੰਘ ਜਾਂ ਛਿੱਕ ਰਿਹਾ ਹੋਵੇ ਤਾਂ ਉਸ ਤੋਂ ਘੱਟੋ-ਘੱਟ 3-6 ਫੁੱਟ ਦੀ ਦੂਰੀ ਰੱਖੋ।
- ਬਿਮਾਰ ਵਿਅਕਤੀ ਨਾਲ ਆਪਣਾ ਪਾਣੀ, ਭੋਜਨ, ਬਰਤਨ, ਆਦਿ ਨਾ ਵੰਡੋ।
- ਬਿਮਾਰ ਵਿਅਕਤੀ ਤੋਂ ਜਿੰਨਾ ਪਰ੍ਹੇ ਰਹਿ ਸਕੋ, ਰਹੋ। ਜੇਕਰ ਤੁਹਾਨੂੰ ਸਰਦੀ, ਜ਼ੁਕਾਮ ਜਾਂ ਫਲੂ ਹੈ, ਤਾਂ ਕੋਸ਼ਿਸ਼ ਕਰੋ ਕਿ ਘਰ ਵਿੱਚ ਹੀ ਰਿਹਾ ਜਾਵੇ। ਇਸ ਨਾਲ ਨਾ ਸਿਰਫ ਦੂਜੇ ਲੋਕ ਬਚੇ ਰਹਿਣਗੇ, ਸਗੋਂ ਤੁਸੀਂ ਵੀ ਛੇਤੀ ਠੀਕ ਹੋ ਜਾਵੋਗੇ। ਭੀੜ ਵਿੱਚ ਜਾਣ ਤੋਂ ਬਚੋ। ਜੇਕਰ ਮਾਸਕ ਪਾਉਣਾ ਪਵੇ, ਤਾਂ ਅਜਿਹਾ ਮਾਸਕ ਪਾਓ, ਜਿਹੜਾ ਤੁਹਾਡੇ ਨੱਕ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਢੱਕ ਸਕੇ।
- ਖੂਬ ਪਾਣੀ ਪੀਓ। ਦਿਨ ਵਿੱਚ ਕਈ ਵਾਰ ਹਲਕਾ ਨਿੰਬੂ ਅਤੇ ਸ਼ਹਿਦ ਦਾ ਸ਼ਰਬਤ ਬਣਾ ਕੇ ਪੀਓ। ਇਹ ਨਾ ਕੇਵਲ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾ ਕੇ ਇਨਫੈਕਸ਼ਨ ਨਾਲ ਲੜਨ ਵਿੱਚ ਮਦਦ ਕਰੇਗਾ, ਬਲਕਿ ਕਫ਼ ਦਾ ਨਾਸ਼ ਵੀ ਕਰੇਗਾ।
- ਸਾਫ-ਸੁਥਰਾ, ਘਰ ਦਾ ਬਣਿਆ, ਸੰਤੁਲਿਤ ਭੋਜਨ ਕਰੋ। ਸਬਜ਼ੀਆਂ, ਫਲਾਂ, ਸਾਬਤ ਦਾਲਾਂ, ਅਨਾਜ ਅਤੇ ਚਰਬੀ ਰਹਿਤ ਪ੍ਰੋਟੀਨ ਦੀ ਵਰਤੋਂ ਕਰੋ। ਬਲਗਮ ਬਣਾਉਣ ਵਾਲੇ ਭੋਜਨ ਜਿਵੇਂ ਕਿ ਦੁੱਧ, ਕੇਲਾ, ਦਹੀਂ, ਪਨੀਰ, ਬ੍ਰੈਡ, ਆਦਿ ਦੀ ਵਰਤੋਂ ਘੱਟ ਤੋਂ ਘੱਟ ਕਰੋ। ਡੱਬਾ-ਬੰਦ ਭੋਜਨ, ਵਿਸ਼ੇਸ਼ ਤੌਰ ’ਤੇ ਜਿਸ ਵਿੱਚ ਨਮਕ ਅਤੇ ਮਿੱਠਾ ਭਰਪੂਰ ਮਾਤਰਾ ਵਿੱਚ ਹੋਣ, ਖਾਣ ਤੋਂ ਬਚੋ।
- ਲਸਣ, ਅਦਰਕ, ਪਿਆਜ਼, ਅਜਵਾਇਣ, ਨਿਆਜ਼ ਬੋ, ਤੁਲਸੀ, ਆਦਿ ਐਂਟੀ-ਮਾਈਕ੍ਰੋਬਿਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਭੋਜਨ ਅਤੇ ਚਾਹ ਆਦਿ ਵਿੱਚ ਕਰੋ। ਹਲਦੀ, ਗਲੋਅ, ਤੁਲਸੀ ਅਤੇ ਕਾਲੀ ਮਿਰਚ ਦਾ ਕਾੜ੍ਹਾ ਬਣਾ ਕੇ ਪੀਂਦੇ ਰਹੋ।
- ਉਚਿਤ ਮਾਤਰਾ ਵਿੱਚ ਨੀਂਦ ਲਵੋ, ਵਿਸ਼ੇਸ਼ ਤੌਰ ’ਤੇ ਜਦੋਂ ਸਰਦੀ ਜਾਂ ਫਲੂ ਦੇ ਲੱਛਣ ਦਿਸ ਰਹੇ ਹੋਣ।
- ਤਣਾਅ-ਮੁਕਤ ਰਹੋ। ਹਲਕੀ ਕਸਰਤ, ਯੋਗਾ ਅਤੇ ਪ੍ਰਾਣਾਯਾਮ ਕਰੋ। ਇਹ ਨਾ ਸਿਰਫ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣਗੇ, ਬਲਕਿ ਸੰਪੂਰਨ ਸਿਹਤ ਨੂੰ ਵੀ ਚੰਗਾ ਕਰਣਗੇ।
- ਸਿਗਰਟ ਪੀਣ ਤੋਂ ਪ੍ਰਹੇਜ਼ ਕਰੋ। ਸਿਗਰਟ ਜਾਂ ਹੋਰ ਕਿਸੇ ਵੀ ਕਿਸਮ ਦਾ ਧੂੰਆਂ ਸਾਹ ਦੀ ਤਕਲੀਫ਼ ਨੂੰ ਵਧਾ ਸਕਦਾ ਹੈ।


